
"ਨੌਜੁਆਨ ਵਿਰੋਧੀ ਹੇਮੰਤ ਸਰਕਾਰ ਨੂੰ ਹਟਾਇਆ ਜਾਵੇ ਜੋ ਸਿਆਸੀ ਫਾਇਦੇ ਲਈ ਨਕਸਲਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ।’’
ਰਾਂਚੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਹੇਮੰਤ ਸੋਰੇਨ ਦੀ ਅਗਵਾਈ ਵਾਲੇ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਗਠਜੋੜ ’ਤੇ ਨਕਸਲਵਾਦ ਨੂੰ ਉਤਸ਼ਾਹਤ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਮਾਰਚ 2026 ਤਕ ਦੇਸ਼ ਤੋਂ ਇਸ ਸਮੱਸਿਆ ਨੂੰ ਖਤਮ ਕਰ ਦੇਵੇਗੀ।
ਸ਼ਾਹ ਨੇ ਭਰੋਸਾ ਪ੍ਰਗਟਾਇਆ ਕਿ ਕੌਮੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਝਾਰਖੰਡ ’ਚ ਸਰਕਾਰ ਬਣਾਏਗਾ ਅਤੇ ਦਾਅਵਾ ਕੀਤਾ ਕਿ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ਦੇ ਅਧਾਰ ਤੇ ਗਠਜੋੜ 81 ਵਿਧਾਨ ਸਭਾ ਸੀਟਾਂ ’ਚੋਂ ਘੱਟੋ-ਘੱਟ 52 ਸੀਟਾਂ ਜਿੱਤੇਗਾ।
ਚਤਰਾ ਜ਼ਿਲ੍ਹੇ ਦੇ ਸਿਮਰੀਆ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਹੁਣ ਸਮਾਂ ਆ ਗਿਆ ਹੈ ਕਿ ਝਾਰਖੰਡ ਤੋਂ ਦਲਿਤ ਵਿਰੋਧੀ, ਆਦਿਵਾਸੀ ਵਿਰੋਧੀ, ਗਰੀਬ ਵਿਰੋਧੀ ਅਤੇ ਨੌਜੁਆਨ ਵਿਰੋਧੀ ਹੇਮੰਤ ਸਰਕਾਰ ਨੂੰ ਹਟਾਇਆ ਜਾਵੇ ਜੋ ਸਿਆਸੀ ਫਾਇਦੇ ਲਈ ਨਕਸਲਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ।’’
ਉਨ੍ਹਾਂ ਕਿਹਾ, ‘‘ਅਸੀਂ ਪਿਛਲੇ ਪੰਜ ਸਾਲਾਂ ’ਚ ਝਾਰਖੰਡ ਤੋਂ ਇਸ ਸਮੱਸਿਆ ਨੂੰ ਉਖਾੜ ਸੁੱਟਿਆ ਹੈ ਅਤੇ ਹੁਣ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਮਾਰਚ 2026 ਤਕ ਭਾਰਤ ਤੋਂ ਨਕਸਲਵਾਦ ਦਾ ਖਾਤਮਾ ਕਰ ਦੇਵੇਗੀ।’’
ਸੋਰੇਨ ਸਰਕਾਰ ’ਤੇ ਗ਼ਰੀਬਾਂ ਅਤੇ ਆਦਿਵਾਸੀਆਂ ਲਈ ਰੱਖੇ ਫੰਡਾਂ ਨੂੰ ਹੜੱਪਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਸੱਤਾ ’ਚ ਆਈ ਤਾਂ ਝਾਰਖੰਡ ਦੇ ਸਾਰੇ ਭ੍ਰਿਸ਼ਟ ਨੇਤਾਵਾਂ ਨੂੰ ਸਲਾਖਾਂ ਪਿੱਛੇ ਸੁੱਟ ਦੇਵੇਗੀ। 81 ਮੈਂਬਰੀ ਵਿਧਾਨ ਸਭਾ ਲਈ ਦੋ ਪੜਾਵਾਂ ’ਚ 13 ਅਤੇ 20 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।