
ਕਿਸਾਨੀ ਸੰਘਰਸ਼ ਵਿਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਡਟੀਆਂ ਮਾਈ ਭਾਗੋ ਦੀਆਂ ਵਾਰਸ
ਨਵੀਂ ਦਿੱਲੀ: ਕਿਸਾਨੀ ਮੋਰਚੇ ਦੌਰਾਨ ਕਿਸਾਨਾਂ ਦਾ ਸਾਥ ਦੇਣ ਲਈ 11 ਸਾਲ ਦੀ ਬੱਚੀ ਗੁਰਸਿਮਰਨ ਕੌਰ ਦਿੱਲੀ ਪਹੁੰਚੀ ਹੈ। ਗੁਰਸਿਮਰਨ ਕੌਰ ਯੂਥ ਆਫ ਪੰਜਾਬ ਦੀ ਮੈਂਬਰ ਹੈ। ਗੁਰਸਿਮਰਨ ਕੌਰ ਅਪਣੀ ਮਰਜ਼ੀ ਨਾਲ ਅਪਣੇ ਹੱਕਾਂ ਦੀ ਲੜਾਈ ਲਈ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਲਈ ਦਿੱਲੀ ਪਹੁੰਚੀ।
Gursimran Kaur at farmer protest
ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਗੱਲਬਾਤ ਕਰਦਿਆਂ ਗੁਰਸਿਮਰਨ ਕੌਰ ਨੇ ਦੱਸਿਆ ਕਿ ਨਵੇਂ ਖੇਤੀ ਕਾਨੂੰਨ ਉਹਨਾਂ ਦੇ ਵਿਰੋਧ ਵਿਚ ਹਨ ਤੇ ਉਹ ਉਦੋਂ ਤੱਕ ਘਰ ਨਹੀਂ ਜਾਣਗੇ ਜਦੋਂ ਤੱਕ ਉਹਨਾਂ ਨੂੰ ਅਪਣੇ ਹੱਕ ਨਹੀਂ ਮਿਲਦੇ। ਉਸ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਦਾ ਹਾਲ ਯੂਪੀ ਤੇ ਬਿਹਾਰ ਵਾਲਾ ਹੋਣ ਵਾਲਾ ਹੈ। ਗੁਰਸਿਮਰਨ ਨੇ ਕਿਹਾ ਕਿ ਸਰਕਾਰ ਸਾਰੇ ਕਿਸਾਨਾਂ ਨੂੰ ਅਨਪੜ੍ਹ ਸਮਝ ਰਹੀ ਹੈ ਪਰ ਅਸੀਂ ਅਨਪੜ੍ਹ ਨਹੀਂ ਹਾ, ਸਾਰੇ ਪੜ੍ਹੇ ਲਿਖੇ ਹਾਂ।
Gursimran Kaur at farmer protest
ਗੁਰਸਿਮਰਨ ਨੇ ਪੰਜਾਬ ਵਿਚ ਬੈਠੀਆਂ ਭੈਣਾਂ ਨੂੰ ਬੇਨਤੀ ਕੀਤੀ ਕਿ ਉਹ ਵੀ ਦਿੱਲੀ ਮੋਰਚੇ ਵਿਚ ਸ਼ਾਮਲ ਹੋਣ ਤੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਨ। 11 ਸਾਲ ਦੀ ਇਸ ਬੱਚੀ ਨੇ ਬਹੁਤ ਚੰਗੀ ਤਰ੍ਹਾਂ ਨਵੇਂ ਖੇਤੀ ਕਾਨੂੰਨਾਂ ਦੇ ਨੁਕਸਾਨ ਦੱਸੇ। ਗੁਰਸਿਮਰਨ ਦਿੱਲੀ ਆਉਣ ਸਮੇਂ ਅਪਣੀਆਂ ਕਿਤਾਬਾਂ ਤੇ ਕਾਪੀਆਂ ਨਾਲ ਹੀ ਲਿਆਈ ਹੈ ਤਾਂ ਜੋ ਉਸ ਦੀ ਪੜ੍ਹਾਈ ਵਿਚ ਕੋਈ ਰੁਕਾਵਟ ਨਾ ਆਵੇ। ਕੁਝ ਹੀ ਦਿਨਾਂ 'ਚ ਗੁਰਸਿਮਰਨ ਦੇ ਪੇਪਰ ਵੀ ਹਨ ਤੇ ਉਹ ਅਪਣੇ ਪੇਪਰ ਦਿੱਲੀ ਧਰਨੇ ਵਿਚ ਬੈਠ ਕੇ ਹੀ ਦੇਵੇਗੀ।
Gursimran Kaur at farmer protest
ਯੂਥ ਆਫ ਪੰਜਾਬ ਮੋਹਾਲੀ ਬ੍ਰਾਂਚ ਦੇ ਮੈਂਬਰ ਗੁਰਜੀਤ ਸਿੰਘ ਤੇ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਉਹ ਅਪਣੇ ਨਾਲ 8 ਟਰਾਲੀਆਂ ਲੈ ਕੇ ਦਿੱਲੀ ਪਹੁੰਚੇ ਹਨ। ਇਹਨਾਂ ਵਿਚ ਬਜ਼ੁਰਗ, ਔਰਤਾਂ ਤੇ ਮਰਦ ਵੀ ਸ਼ਾਮਲ ਹਨ। ਉਹਨਾਂ ਕਿਹਾ ਕਿ ਇਹ ਕਾਨੂੰਨ ਕਿਸਾਨ ਵਿਰੋਧੀ ਹੋਣ ਦੇ ਨਾਲ-ਨਾਲ ਪੰਜਾਬ ਵਿਰੋਧੀ ਵੀ ਹਨ।
ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਜਦੋਂ ਵੀ ਪੰਜਾਬ, ਪੰਜਾਬੀ ਜਾਂ ਪੰਜਾਬੀਅਤ 'ਤੇ ਭੀੜ ਪਈ ਤਾਂ ਪੰਜਾਬ ਦਾ ਨੌਜਵਾਨ ਹਮੇਸ਼ਾਂ ਅੱਗੇ ਆਇਆ।
Youth Of Punjab Member
ਅੱਜ ਵੀ ਕਿਸਾਨੀ ਸੰਘਰਸ਼ ਦੇ ਚਲਦਿਆਂ ਪੰਜਾਬ ਦੀ ਜਵਾਨੀ ਪੂਰੇ ਜੋਸ਼ ਨਾਲ ਸਹਿਯੋਗ ਦੇ ਰਹੀ ਹੈ। ਉਹਨਾਂ ਕਿਹਾ ਕਿ ਚਾਹੇ ਜਿੰਨਾ ਮਰਜੀ ਸਮਾਂ ਲੱਗੇ ਉਹ ਦਿੱਲੀ ਤੋਂ ਕੋਈ ਹੱਲ ਕੱਢ ਕੇ ਹੀ ਵਾਪਸ ਆਉਣਗੇ। ਯੂਥ ਆਫ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਸਿਮਰਨਜੀਤ ਕੌਰ ਗਿੱਲ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਵਿਚ ਕੁੜੀਆਂ ਵੀ ਵਧ ਚੜ੍ਹ ਕੇ ਯੋਗਦਾਨ ਪਾ ਰਹੀਆਂ ਹਨ।
Simranjit Kaur Gill At Farmer Protest
ਇਹਨਾਂ ਵਿਚੋਂ ਕਈ ਕੁੜੀਆਂ ਲੰਗਰ ਵਿਚ ਬੀਬੀਆਂ ਨਾਲ ਸੇਵਾ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਕਈ ਕੁੜੀਆਂ ਨੂੰ ਉਹਨਾਂ ਦੇ ਮਾਤਾ ਪਿਤਾ ਨੇ ਦਿੱਲੀ ਆਉਣ ਲਈ ਮਨ੍ਹਾਂ ਕਰ ਦਿੱਤਾ। ਸਿਮਰਨਜੀਤ ਕੌਰ ਨੇ ਘਰ ਬੈਠੇ ਲੋਕਾਂ ਨੂੰ ਅਪੀਲ ਕੀਤੀ ਉਹ ਅਪਣੀਆਂ ਧੀਆਂ ਨੂੰ ਦਿੱਲੀ ਭੇਜਣ, ਇੱਥੇ ਕੁੜੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆ ਰਹੀ, ਉਹ ਬਿਲਕੁਲ ਸੁਰੱਖਿਅਤ ਹਨ।
Farmer protest
ਦਿੱਲੀ ਮੋਰਚੇ ਵਿਚ ਸ਼ਾਮਲ ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਪੰਜਾਬ ਦੀਆਂ ਧੀਆਂ 'ਤੇ ਮਾਣ ਹੈ ਕਿ ਉਹ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਵਿਚ ਨਿੱਤਰੀਆਂ ਹਨ। ਉਹਨਾਂ ਕਿਹਾ ਕਿ ਇਹ ਧੀਆਂ ਮਾਈ ਭਾਗੋ ਦੀਆਂ ਵਾਰਸਾਂ ਹਨ। ਕਿਸਾਨ ਆਗੂ ਨੇ ਕਿਹਾ ਕਿ ਉਹਨਾਂ ਦੀ ਧੀ ਕੈਨੇਡਾ ਵਿਚ ਹੈ ਤੇ ਉਹਨਾਂ ਵੱਲੋਂ ਵਿਦੇਸ਼ੀ ਧਰਤੀ 'ਤੇ ਵੀ ਸੰਘਰਸ਼ ਕੀਤਾ ਜਾ ਰਿਹਾ ਹੈ।