
ਗੱਲਾਂ-ਗੱਲਾਂ ’ਚ ਫਸਾ ਕੇ Bumble-Snapchat ’ਤੇ ਨਿਜੀ ਫ਼ੋਟੋਆਂ ਮੰਗੀਆਂ, ਵਾਇਰਲ ਕਰਨ ਦੀ ਧਮਕੀ ਦਿਤੀ, ਦਿੱਲੀ ਤੋਂ ਕਾਬੂ
ਦਿੱਲੀ ’ਚ 700 ਔਰਤਾਂ ਨਾਲ ਆਨਲਾਈਨ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਡੇਟਿੰਗ ਐਪ ਰਾਹੀਂ ਔਰਤਾਂ ਦੀਆਂ ਫ਼ੋਟੋਆਂ ਜਨਤਕ ਕਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਮੁਜ਼ਲਮ ਦਾ ਨਾਮ ਤੁਸ਼ਾਰ ਸਿੰਘ ਬਿਸ਼ਟ ਹੈ ਤੇ ਉਹ ਨੋਇਡਾ ’ਚ ਇਕ ਪ੍ਰਾਈਵੇਟ ਕੰਪਨੀ ਵਿਚ ਤਕਨੀਕੀ ਮੁਲਾਜ਼ਮ ਹੈ।
ਪੁਲਿਸ ਨੇ ਦਸਿਆ ਕਿ ਦਿੱਲੀ ਦੇ ਰਹਿਣ ਵਾਲੇ 23 ਸਾਲਾ ਤੁਸ਼ਾਰ ਨੇ ਬੰਬਲ, ਵਟਸਐਪ ਤੇ ਸਨੈਪਚੈਟ ’ਤੇ ਵਰਚੁਅਲ ਇੰਟਰਨੈਸ਼ਨਲ ਮੋਬਾਈਲ ਨੰਬਰ ਫ਼ੀਡ ਕਰ ਕੇ ਫ਼ਰਜ਼ੀ ਪ੍ਰੋਫ਼ਾਈਲ ਬਣਾਈ ਸੀ। ਉਸ ਨੇ ਅਪਣੇ ਆਪ ਨੂੰ ਅਮਰੀਕਾ ਦੀ ਫ਼ਰੀਲਾਂਸ ਮਾਡਲ ਦਸਿਆ ਸੀ। ਪ੍ਰੋਫ਼ਾਈਲ ਬਣਾਉਣ ਲਈ, ਬ੍ਰਾਜ਼ੀਲੀਅਨ ਮਾਡਲ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਗਈ ਸੀ।
ਇਸ ਤੋਂ ਬਾਅਦ ਉਸ ਨੇ ਬੰਬਲ ’ਤੇ 500 ਔਰਤਾਂ ਨਾਲ ਅਤੇ ਵਟਸਐਪ-ਸਨੈਪਚੈਟ ’ਤੇ 200 ਔਰਤਾਂ ਨਾਲ ਦੋਸਤੀ ਕੀਤੀ। ਜਿਵੇਂ ਹੀ ਔਰਤਾਂ ਨੇ ਤੁਸ਼ਾਰ ’ਤੇ ਭਰੋਸਾ ਕੀਤਾ ਤਾਂ ਉਸ ਨੇ ਔਰਤਾਂ ਤੋਂ ਨਿਜੀ ਤਸਵੀਰਾਂ ਮੰਗਵਾਈਆਂ ਤੇ ਜਦੋਂ ਔਰਤਾਂ ਨੇ ਉਸ ਨੂੰ ਮਿਲਣ ਲਈ ਬੁਲਾਇਆ ਤਾਂ ਉਸ ਨੇ ਤਸਵੀਰਾਂ ਜਨਤਕ ਕਰਨ ਤੇ ਡਾਰਕ ਵੈੱਬ ’ਤੇ ਵੇਚਣ ਦੀ ਧਮਕੀ ਦਿਤੀ। ਇਸ ਤੋਂ ਬਾਅਦ ਪੀੜਤ ਔਰਤਾਂ ਨੇ ਉਸ ਦੀ ਸ਼ਿਕਾਇਤ ਪੁਲਿਸ ਨੂੰ ਦਿਤੀ। ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਦਿੱਲੀ ਤੋਂ ਕਾਬੂ ਕਰ ਲਿਆ।