
ਕਈਆਂ ਦੇ ਦੱਬੇ ਜਾਣ ਦਾ ਖ਼ਦਸ਼ਾ
Haryana Road Accident: ਹਰਿਆਣਾ 'ਚ ਹਿਸਾਰ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਧੁੰਦ ਕਾਰਨ ਇਕ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਪਿੱਛੇ ਤੋਂ ਆ ਰਹੀ ਕਾਰ ਵੀ ਇਸ ਕਾਰ ਨਾਲ ਟਕਰਾ ਗਈ। ਇਹ ਦੇਖ ਕੇ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਪਿੱਛੇ ਤੋਂ ਆ ਰਿਹਾ ਟਰੱਕ ਲੋਕਾਂ ਦੇ ਉੱਪਰ ਜਾ ਵੱਜਿਆ ਅਤੇ ਫਿਰ ਪਲਟ ਗਿਆ। 4 ਲੋਕਾਂ ਦੀ ਮੌਤ ਹੋ ਗਈ। ਟਰੱਕ ਦੇ ਹੇਠਾਂ ਕੁਝ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ।
ਇਹ ਹਾਦਸਾ ਸ਼ਨੀਵਾਰ ਸਵੇਰੇ ਕਰੀਬ 8 ਵਜੇ ਉਕਲਾਨਾ ਦੇ ਸੂਰੇਵਾਲਾ ਚੌਕ 'ਤੇ ਵਾਪਰਿਆ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਕਾਰ ਹਿਸਾਰ-ਚੰਡੀਗੜ੍ਹ ਹਾਈਵੇ 'ਤੇ ਨਰਵਾਣਾ ਤੋਂ ਆ ਰਹੀ ਸੀ। ਧੁੰਦ ਕਾਰਨ ਇਹ ਕਾਰ ਸੂਰੇਵਾਲਾ ਚੌਕ ਦੇ ਵਿਚਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਤੋਂ ਬਾਅਦ ਪਿੱਛੇ ਤੋਂ ਆ ਰਹੀ ਇਕ ਹੋਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਸੜਕ ਹਾਦਸੇ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਉੱਥੇ ਇਕੱਠੇ ਹੋ ਗਏ ਅਤੇ ਸੜਕ ਦੇ ਵਿਚਕਾਰ ਆ ਗਏ।
ਇਸ ਦੌਰਾਨ ਨਰਵਾਣਾ ਵੱਲੋਂ ਆ ਰਹੇ ਇਕ ਟਰੱਕ ਨੇ ਸੜਕ 'ਤੇ ਖੜ੍ਹੇ ਲੋਕਾਂ ਨੂੰ ਕੁਚਲ ਦਿੱਤਾ ਅਤੇ ਫਿਰ ਪਲਟ ਗਿਆ। ਇਸ ਹਾਦਸੇ 'ਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਵਾਹਨਾਂ ਨੂੰ ਮੋੜਿਆ ਜਾ ਰਿਹਾ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਪਲਟ ਗਏ ਟਰੱਕ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਜੇਕਰ ਕੋਈ ਵਿਅਕਤੀ ਇਸ ਦੇ ਹੇਠਾਂ ਫ਼ਸਿਆ ਹੋਵੇ ਤਾਂ ਉਸ ਨੂੰ ਬਚਾਇਆ ਜਾ ਸਕੇ।