ਵੈਨੇਜ਼ੁਏਲਾ ਦੀ ਸਥਿਤੀ 'ਤੇ ਭਾਰਤ ਸਰਕਾਰ ਰੱਖ ਰਹੀ ਨਜ਼ਰ
ਨਵੀਂ ਦਿੱਲੀ: ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਫੌਜੀ ਕਾਰਵਾਈ ’ਚ ਫੜਨ ਉਤੇ ਭਾਰਤ ਨੇ ਐਤਵਾਰ ਨੂੰ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਤੇਲ ਨਾਲ ਭਰਪੂਰ ਦਖਣੀ ਅਮਰੀਕੀ ਦੇਸ਼ ’ਚ ਪੈਦਾ ਹੋਈ ਸਥਿਤੀ ਉਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।
ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਸ ’ਚ ਅਮਰੀਕੀ ਕਾਰਵਾਈ ਉਤੇ ਸਨਿਚਰਵਾਰ ਤੜਕੇ ਅਪਣੀ ਪਹਿਲੀ ਪ੍ਰਤੀਕਿਰਿਆ ’ਚ ਨਵੀਂ ਦਿੱਲੀ ਨੇ ਖੇਤਰ ’ਚ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਗੱਲਬਾਤ ਰਾਹੀਂ ਸਥਿਤੀ ਦੇ ਸ਼ਾਂਤੀਪੂਰਨ ਹੱਲ ਦੀ ਮੰਗ ਕੀਤੀ ਅਤੇ ਉਸ ਦੇਸ਼ ਦੇ ਲੋਕਾਂ ਦੀ ਭਲਾਈ ਲਈ ਅਪਣੇ ਸਮਰਥਨ ਦੀ ਪੁਸ਼ਟੀ ਕੀਤੀ।
ਵਿਦੇਸ਼ ਮੰਤਰਾਲਾ ਨੇ ਕਿਹਾ, ‘‘ਵੈਨੇਜ਼ੁਏਲਾ ਵਿਚ ਹਾਲ ਹੀ ਵਿਚ ਹੋਏ ਘਟਨਾਕ੍ਰਮ ਡੂੰਘੀ ਚਿੰਤਾ ਦਾ ਵਿਸ਼ਾ ਹਨ। ਅਸੀਂ ਬਦਲਦੀ ਸਥਿਤੀ ਉਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।’’ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤ ਵੈਨੇਜ਼ੁਏਲਾ ਦੇ ਲੋਕਾਂ ਦੀ ਭਲਾਈ ਅਤੇ ਸੁਰੱਖਿਆ ਲਈ ਅਪਣੇ ਸਮਰਥਨ ਦੀ ਪੁਸ਼ਟੀ ਕਰਦਾ ਹੈ। ਨਵੀਂ ਦਿੱਲੀ ਨੇ ਸਾਰੇ ਸਬੰਧਤ ਲੋਕਾਂ ਨੂੰ ਗੱਲਬਾਤ ਰਾਹੀਂ ਮੁੱਦਿਆਂ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕਰਨ ਅਤੇ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਦਾ ਸੱਦਾ ਦਿਤਾ।
ਵਿਦੇਸ਼ ਮੰਤਰਾਲੇ ਨੇ ਅਪਣੇ ਸੰਖੇਪ ਬਿਆਨ ’ਚ ਕਿਹਾ ਕਿ ਕਾਰਾਕਸ ’ਚ ਭਾਰਤੀ ਦੂਤਘਰ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੇ ਸੰਪਰਕ ’ਚ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ।
ਸਨਿਚਰਵਾਰ ਰਾਤ ਨੂੰ ਭਾਰਤ ਨੇ ਅਪਣੇ ਨਾਗਰਿਕਾਂ ਨੂੰ ਵੈਨੇਜ਼ੁਏਲਾ ਦੀ ਗੈਰ-ਜ਼ਰੂਰੀ ਯਾਤਰਾ ਤੋਂ ਪਰਹੇਜ਼ ਕਰਨ ਦੀ ਸਲਾਹ ਦਿਤੀ ਅਤੇ ਉਸ ਦੇਸ਼ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਬਹੁਤ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਇਸ ਵਿਚ ਕਿਹਾ ਗਿਆ ਹੈ ਕਿ ਸਾਰੇ ਭਾਰਤੀ ਜੋ ਕਿਸੇ ਵੀ ਕਾਰਨ ਕਰ ਕੇ ਵੈਨੇਜ਼ੁਏਲਾ ਵਿਚ ਹਨ, ਉਨ੍ਹਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਬਹੁਤ ਸਾਵਧਾਨੀ ਵਰਤਣ, ਅਪਣੀ ਆਵਾਜਾਈ ਉਤੇ ਪਾਬੰਦੀ ਲਗਾਉਣ ਅਤੇ ਕਾਰਾਕਸ ਵਿਚ ਭਾਰਤੀ ਦੂਤਾਵਾਸ ਦੇ ਸੰਪਰਕ ਵਿਚ ਰਹਿਣ। ਕਰਾਕਸ ਸਥਿਤ ਸਫ਼ਾਰਤਖ਼ਾਨੇ ਮੁਤਾਬਕ ਵੈਨੇਜ਼ੁਏਲਾ ’ਚ ਕਰੀਬ 50 ਐਨ.ਆਰ.ਆਈ. (ਪ੍ਰਵਾਸੀ ਭਾਰਤੀ) ਅਤੇ 30 ਪੀ.ਆਈ.ਓ. (ਭਾਰਤੀ ਮੂਲ ਦੇ ਵਿਅਕਤੀ) ਹਨ।
ਭਾਰਤ ਅਤੇ ਵੈਨੇਜ਼ੁਏਲਾ ਨਿੱਘੇ ਸਬੰਧਾਂ ਦਾ ਇਤਿਹਾਸ ਸਾਂਝਾ ਕਰਦੇ ਹਨ। ਮਾਰਚ 2005 ਵਿਚ ਸਾਬਕਾ ਰਾਸ਼ਟਰਪਤੀ ਹਿਊਗੋ ਸ਼ਾਵੇਜ਼ ਦੀ ਭਾਰਤ ਦੀ ਸਰਕਾਰੀ ਯਾਤਰਾ ਵਲੋਂ ਦੁਵਲੇ ਸਬੰਧਾਂ ਨੂੰ ਵੱਡਾ ਜ਼ੋਰ ਦਿਤਾ ਗਿਆ ਸੀ। ਊਰਜਾ ਖੇਤਰ ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਦੇ ਪ੍ਰਮੁੱਖ ਖੇਤਰਾਂ ’ਚੋਂ ਇਕ ਹੈ।
ਭਾਰਤ ਦੀ ਓ.ਐਨ.ਜੀ.ਸੀ. ਵਿਦੇਸ਼ ਲਿਮਟਿਡ (ਓ.ਵੀ.ਐਲ.) ਦਾ ਕਾਰਪੋਰੇਸ਼ੀਅਨ ਵੇਨੇਜ਼ੋਲਾਨਾ ਡੇਲ ਪਟਰੌਲੀਓ (ਸੀ.ਵੀ.ਪੀ.) ਨਾਲ ਸਾਂਝਾ ਉੱਦਮ ਹੈ। ਸੈਨ ਕ੍ਰਿਸਟੋਬਲ ਖੇਤਰ ਵਿਚ ਤੇਲ ਦੇ ਉਤਪਾਦਨ ਅਤੇ ਖੋਜ ਲਈ ਸਾਂਝੇ ਉੱਦਮ ਨੂੰ ‘ਪਟਰੌਲੇਰਾ ਇੰਡੋਵੇਨੇਜ਼ੋਲਾਨਾ ਐਸਏ’ ਵਜੋਂ ਜਾਣਿਆ ਜਾਂਦਾ ਹੈ, ਜਿਸ ਵਿਚ ਓ.ਵੀ.ਐਲ. ਦੀ 40 ਫ਼ੀ ਸਦੀ ਹਿੱਸੇਦਾਰੀ ਹੈ। ਭਾਰਤੀ ਦੂਤਾਵਾਸ ਮੁਤਾਬਕ ਇਸ ਪ੍ਰਾਜੈਕਟ ’ਚ ਓ.ਵੀ.ਐਲ. ਦਾ ਨਿਵੇਸ਼ ਲਗਭਗ 200 ਮਿਲੀਅਨ ਡਾਲਰ ਹੈ।
