ਹੁਣ ਤੱਕ ਕੁੱਲ 9 ਮੁਲਜ਼ਮਾਂ ਉਤੇ ਚਾਰਜਸ਼ੀਟ ਦਾਖਲ ਕੀਤੀ ਜਾ ਚੁਕੀ ਹੈ
ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਖਾਲਿਸਤਾਨੀ ਅਤਿਵਾਦੀ ਅਰਸ਼ ਡੱਲਾ ਨਾਲ ਜੁੜੇ 2024 ਦੇ ਨੀਮਰਾਣਾ ਹੋਟਲ ਗੋਲੀਕਾਂਡ ਮਾਮਲੇ ’ਚ ਕਥਿਤ ਤੌਰ ਉਤੇ ਸ਼ਾਮਲ ਦੋ ਮੁੱਖ ਹਮਲਾਵਰਾਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਹੈ।
ਅਧਿਕਾਰੀਆਂ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਪੁਨੀਤ ਅਤੇ ਨਰਿੰਦਰ ਲਾਲੀ ਨੂੰ ਸਨਿਚਰਵਾਰ ਨੂੰ ਰਾਜਸਥਾਨ ਦੇ ਜੈਪੁਰ ਦੀ ਇਕ ਅਦਾਲਤ ’ਚ ਦਾਇਰ ਚਾਰਜਸ਼ੀਟ ’ਚ ਨਾਮਜ਼ਦ ਕੀਤਾ ਗਿਆ ਹੈ।
ਐਨ.ਆਈ.ਏ. ਵਲੋਂ ਜਾਰੀ ਬਿਆਨ ਵਿਚ ਦੋਸ਼ ਲਾਇਆ ਗਿਆ ਹੈ ਕਿ ਪੰਜਾਬ ਦੇ ਹਮਲਾਵਰਾਂ ਨੇ ਅਸਲ ਗੋਲੀਬਾਰੀ ਕੀਤੀ ਸੀ ਅਤੇ ਹਾਈਵੇਅ ਕਿੰਗ ਹੋਟਲ, ਨੀਮਰਾਣਾ (ਹਰਿਆਣਾ) ਦੇ ਮਾਲਕਾਂ ਨੂੰ ਧਮਕੀਆਂ ਦੇਣ ਅਤੇ ਜਬਰੀ ਵਸੂਲੀ ਦੀ ਮੰਗ ਕਰਨ ਵਿਚ ਵੀ ਸ਼ਾਮਲ ਸਨ। ਇਸ ਦੇ ਨਾਲ ਹੀ ਇਸ ਮਾਮਲੇ ’ਚ ਹੁਣ ਤਕ ਕੁਲ 9 ਮੁਲਜ਼ਮਾਂ ਉਤੇ ਚਾਰਜਸ਼ੀਟ ਦਾਖਲ ਕੀਤੀ ਜਾ ਚੁਕੀ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਹੋਟਲ ਉਤੇ ਹਮਲਾ ਸਤੰਬਰ 2024 ਵਿਚ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਦੇ ਅਤਿਵਾਦੀ-ਗੈਂਗਸਟਰ ਸਿੰਡੀਕੇਟ ਵਲੋਂ ਕੀਤਾ ਗਿਆ ਸੀ, ਜਿਸ ਦੀ ਅਗਵਾਈ ਨਾਮਜ਼ਦ ਅਤਿਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਅਤੇ ਬੰਬੀਹਾ ਗੈਂਗ ਕਰ ਰਹੇ ਸਨ।
ਏਜੰਸੀ ਨੇ ਦੋਸ਼ ਲਾਇਆ ਕਿ ਗਿਰੋਹ ਦੇ ਮੈਂਬਰ ਦਿਨੇਸ਼ ਗਾਂਧੀ ਅਤੇ ਸੌਰਭ ਕਟਾਰੀਆ ਹਮਲੇ ਦੀ ਯੋਜਨਾ ਲਈ ਜ਼ਿੰਮੇਵਾਰ ਸਨ, ਜਿਸ ਨੂੰ ਪੁਨੀਤ ਅਤੇ ਨਰਿੰਦਰ ਨੇ ਅੰਜਾਮ ਦਿਤਾ ਸੀ, ਜਿਨ੍ਹਾਂ ਕੋਲ ਡੱਲਾ ਅਤੇ ਗਾਂਧੀ ਦੀ ਸੁਰੱਖਿਆ ਸੀ। ਐਨ.ਆਈ.ਏ. ਨੇ ਅਪਣੀ ਜਾਂਚ ਦੌਰਾਨ ਪੁਨੀਤ ਅਤੇ ਨਰਿੰਦਰ ਦੀ ਕਥਿਤ ਭੂਮਿਕਾ ਦਾ ਪਰਦਾਫਾਸ਼ ਕੀਤਾ, ਜਿਨ੍ਹਾਂ ਨੇ ਹਮਲੇ ਵਿਚ ਪਾਬੰਦੀਸ਼ੁਦਾ ਹਥਿਆਰਾਂ ਦੀ ਵਰਤੋਂ ਕੀਤੀ ਸੀ ਅਤੇ ਸਿੰਡੀਕੇਟ ਵਲੋਂ ਧਮਕੀ ਵੀ ਦਿਤੀ ਸੀ।
ਜਾਂਚ ਏਜੰਸੀ ਨੇ ਦੋਸ਼ ਲਾਇਆ ਕਿ ਇਹ ਵੀ ਪਤਾ ਲੱਗਾ ਹੈ ਕਿ ਦੋਵੇਂ ਕੇ.ਟੀ.ਐਫ. ਦੇ ਉਦੇਸ਼ਾਂ ਨੂੰ ਉਤਸ਼ਾਹਤ ਕਰਨ ਲਈ ਸਿੰਡੀਕੇਟ ਤੋਂ ਨਿਰੰਤਰ ਅਧਾਰ ਉਤੇ ਫੰਡ, ਪਨਾਹ ਅਤੇ ਹਥਿਆਰ ਪ੍ਰਾਪਤ ਕਰ ਰਹੇ ਸਨ।
