ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਮੁੱਖ ਸੜਕ ਤੋਂ ਕੱਟੇ ਪਿੰਡ 'ਚ ਜਣੇਪੇ ਦੀ ਸਹੂਲਤ ਨਾ ਮਿਲਣ ਕਾਰਨ ਲਈ ਜਾਨ
ਗੜ੍ਹਚਿਰੌਲੀ : ਮਹਾਰਾਸ਼ਟਰ ਦੇ ਗੜ੍ਹਚਿਰੌਲੀ ’ਚ ਮੁੱਖ ਸੜਕ ਤੋਂ ਕੱਟੇ ਪਿੰਡ ’ਚ ਜਣੇਪੇ ਦੀ ਸਹੂਲਤ ਨਾ ਮਿਲਣ ’ਤੇ ਛੇ ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਇਕ ਗਰਭਵਤੀ ਔਰਤ ਦੀ ਮੌਤ ਹੋ ਗਈ।
ਇਕ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਕਿਹਾ ਕਿ ਏਟਾਪੱਲੀ ਤਾਲੁਕਾ ਦੇ ਆਲਦੰਡੀ ਟੋਲਾ ਵਾਸੀ 24 ਸਾਲ ਦੀ ਆਸ਼ਾ ਵਰਕਰ ਸੰਤੋਸ਼ ਕਿਰੰਗਾ ਦੀ ਮੌਤ ਹੋ ਗਈ, ਜੋ ਨੌਂ ਮਹੀਨਿਆਂ ਦੀ ਗਰਭਵਤੀ ਸੀ।
ਉਨ੍ਹਾਂ ਕਿਹਾ ਕਿ ਮੁੱਖ ਸੜਕ ਤੋਂ ਕੱਟੇ ਪਿੰਡ ਅਤੇ ਜਣੇਪੇ ਦੀ ਕੋਈ ਸਹੂਲਤ ਨਾ ਹੋਣ ਕਾਰਨ ਕਿਰੰਗਾ ਨੇ ਇਕ ਜਨਵਰੀ ਤੋਂ ਅਪਣੇ ਪਤੀ ਨਾਲ ਜੰਗਲ ਦੇ ਰਸਤੇ ਤੋਂ ਛੇ ਕਿਲੋਮੀਟਰ ਚਲ ਕੇ ਅਪਣੀ ਭੈਣ ਦੇ ਘਰ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਉਸ ਦੀ ਹਾਲਤ ਵਿਗੜ ਗਈ।
ਅਧਿਕਾਰੀ ਨੇ ਕਿਹਾ, ‘‘ਦੋ ਜਨਵਰੀ ਦੀ ਸਵੇਰ ਔਰਤ ਨੂੰ ਜਣੇਪੇ ਦਾ ਦਰਦ ਹੋਣ ਲਗਿਆ। ਉਸ ਨੂੰ ਐਂਬੂਲੈਂਸ ਤੋਂ ਹੈਦਰੀ ਸਥਿਤ ਕਾਲੀ ਅੱਮਾਲ ਹਸਪਤਾਲ ’ਚ ਲਿਆਂਦਾ ਗਿਆ। ਡਾਕਟਰਾਂ ਨੇ ਆਪਰੇਸ਼ਨ ਦਾ ਬਦਲ ਚੁਣਿਆ, ਪਰ ਉਦੋਂ ਤਕ ਬਹੁਤ ਦੇਰ ਹੋ ਗਈ ਸੀ। ਗਰਭ ’ਚ ਹੀ ਬੱਚੇ ਦੀ ਮੌਤ ਹੋ ਚੁਕੀ ਸੀ। ਵਧਦੇ ਬਲੱਡ ਪ੍ਰੈਸ਼ਰ ਕਾਰਨ ਔਰਤ ਦੀ ਵੀ ਕੁੱਝ ਸਮੇਂ ਬਾਅਦ ਮੌਤ ਹੋ ਗਈ।’’ (ਪੀਟੀਆਈ)
