
ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ
ਵਿਨਾ ਦੇਰ ਮਾਰ (ਚਿਲੀ) : ਮੱਧ ਚਿਲੀ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਸੰਘਣੀ ਆਬਾਦੀ ਵਾਲੇ ਇਲਾਕਿਆਂ ’ਚ ਫੈਲ ਗਈ ਹੈ, ਜਿਸ ’ਚ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 1,100 ਘਰ ਤਬਾਹ ਹੋ ਗਏ। ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਲਪਾਰੇਸੋ ਖੇਤਰ ਵਿਚ ਚਾਰ ਥਾਵਾਂ ’ਤੇ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਬੋਰਿਕ ਨੇ ਚਿਲੀ ਦੇ ਲੋਕਾਂ ਨੂੰ ਬਚਾਅ ਕਰਮਚਾਰੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ, ‘‘ਜੇ ਤੁਹਾਨੂੰ ਇਲਾਕਾ ਖਾਲੀ ਕਰਨ ਲਈ ਕਿਹਾ ਜਾਂਦਾ ਹੈ, ਤਾਂ ਅਜਿਹਾ ਕਰਨ ਤੋਂ ਨਾ ਝਿਜਕੋ। ਅੱਗ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਜਲਵਾਯੂ ਸਥਿਤੀਆਂ ਕਾਰਨ ਇਸ ’ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਹੈ। ਤਾਪਮਾਨ ਉੱਚਾ ਹੈ, ਹਵਾ ਤੇਜ਼ ਚੱਲ ਰਹੀ ਹੈ, ਅਤੇ ਨਮੀ ਘੱਟ ਹੈ।’’ ਚਿਲੀ ਦੀ ਗ੍ਰਹਿ ਮੰਤਰੀ ਕੈਰੋਲੀਨਾ ਟੋਹਾ ਨੇ ਸਨਿਚਰਵਾਰ ਨੂੰ ਕਿਹਾ ਕਿ ਦੇਸ਼ ਦੇ ਮੱਧ ਅਤੇ ਦੱਖਣ ਵਿਚ ਜੰਗਲਾਂ ਵਿਚ ਅੱਗ ਲੱਗਣ ਦੀਆਂ 92 ਘਟਨਾਵਾਂ ਵਾਪਰੀਆਂ ਹਨ, ਜਿੱਥੇ ਇਸ ਹਫਤੇ ਤਾਪਮਾਨ ਅਸਧਾਰਨ ਤੌਰ ’ਤੇ ਉੱਚਾ ਰਿਹਾ ਹੈ।
ਅਧਿਕਾਰੀਆਂ ਨੇ ਵਾਲਪਾਰਾਇਸੋ ਖੇਤਰ ਵਿਚ ਲੱਗੀ ਭਿਆਨਕ ਅੱਗ ਕਾਰਨ ਲੋਕਾਂ ਨੂੰ ਅਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ। ਵਾਲਪਾਰੇਸੋ ਖੇਤਰ ’ਚ ਤਿੰਨ ਸ਼ੈਲਟਰ ਕੈਂਪ ਸਥਾਪਤ ਕੀਤੇ ਗਏ ਹਨ। ਟੋਹਾ ਨੇ ਕਿਹਾ ਕਿ ਬਚਾਅ ਟੀਮਾਂ ਅਜੇ ਵੀ ਸੱਭ ਤੋਂ ਵੱਧ ਪ੍ਰਭਾਵਤ ਇਲਾਕਿਆਂ ਤਕ ਪਹੁੰਚਣ ਲਈ ਸੰਘਰਸ਼ ਕਰ ਰਹੀਆਂ ਹਨ। ਟੋਹਾ ਨੇ ਦਸਿਆ ਕਿ ਅੱਗ ਬੁਝਾਉਣ ਲਈ 19 ਹੈਲੀਕਾਪਟਰ ਅਤੇ 450 ਤੋਂ ਵੱਧ ਫਾਇਰ ਬ੍ਰਿਗੇਡ ਕਰਮਚਾਰੀ ਤਾਇਨਾਤ ਕੀਤੇ ਗਏ ਹਨ।