
ਮੇਰਾ ਬਿਆਨ ਦਰਜ ਕੀਤੇ ਬਿਨਾਂ ਮੇਰੇ ਵਿਰੁਧ ਚਾਰਜਸ਼ੀਟ ਦਾਇਰ ਕੀਤੀ : ਦੀਪਤੀ ਆਰ. ਪਿਨੀਤੀ
ਨਵੀਂ ਦਿੱਲੀ: ਸੀ.ਬੀ.ਆਈ. ਨੇ ਇਕ ਸਵੈ-ਘੋਸ਼ਿਤ ਜਾਂਚਕਰਤਾ ਦੇ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ’ਚ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਨਾਲ ਸਬੰਧਤ ਯੂ-ਟਿਊਬ ’ਤੇ ਇਕ ਵੀਡੀਉ ’ਚ ਅਪਣੇ ਦਾਅਵਿਆਂ ਦੇ ਸਮਰਥਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਪਤਵੰਤਿਆਂ ਦੇ ‘ਜਾਅਲੀ’ ਪੱਤਰ ਪੇਸ਼ ਕੀਤੇ ਸਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ ।
ਪਿਛਲੇ ਸਾਲ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਮੁੰਬਈ ਦੀ ਵਕੀਲ ਚਾਂਦਨੀ ਸ਼ਾਹ ਦੀ ਸ਼ਿਕਾਇਤ ’ਤੇ ਭੁਵਨੇਸ਼ਵਰ ਦੀ ਦੀਪਤੀ ਆਰ. ਪਿਨੀਤੀ ਅਤੇ ਉਸ ਦੇ ਵਕੀਲ ਭਰਤ ਸੁਰੇਸ਼ ਕਾਮਥ ਵਿਰੁਧ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਏਜੰਸੀ ਨੂੰ ਭੇਜਿਆ ਸੀ।
ਚਾਂਦਨੀ ਸ਼ਾਹ ਨੇ ਦੋਸ਼ ਲਾਇਆ ਕਿ ਪਿਨੀਤੀ ਨੇ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦੇ ਪੱਤਰਾਂ, ਸੁਪਰੀਮ ਕੋਰਟ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਸਰਕਾਰ ਨਾਲ ਜੁੜੇ ਦਸਤਾਵੇਜ਼ਾਂ ਸਮੇਤ ਕਈ ਦਸਤਾਵੇਜ਼ ਪੇਸ਼ ਕੀਤੇ, ਜੋ ਜਾਅਲੀ ਜਾਪਦੇ ਹਨ। ਪਿਨੀਤੀ ਸ਼੍ਰੀਦੇਵੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਬਾਲੀਵੁੱਡ ਅਦਾਕਾਰਾਂ ਦੀ ਮੌਤ ’ਤੇ ਸੋਸ਼ਲ ਮੀਡੀਆ ਚਰਚਾਵਾਂ ’ਚ ਸਰਗਰਮ ਭਾਗੀਦਾਰ ਰਹੀ ਹੈ। ਸ਼੍ਰੀਦੇਵੀ ਦੀ ਮੌਤ ਫਰਵਰੀ 2018 ’ਚ ਦੁਬਈ, ਯੂਏਈ ’ਚ ਹੋਈ ਸੀ।
ਸ਼੍ਰੀਦੇਵੀ ਦੀ ਮੌਤ ਨੂੰ ਲੈ ਕੇ ਪਿਨੀਤੀ ਨੇ ਇਕ ਇੰਟਰਵਿਊ ’ਚ ਅਪਣੀ ਜਾਂਚ ਦੇ ਆਧਾਰ ’ਤੇ ਦੋਹਾਂ ਸਰਕਾਰਾਂ ਵਿਚਾਲੇ ਲੁਕਾਉਣਾ ਵੀ ਸ਼ਾਮਲ ਹੈ। ਪੀ.ਟੀ.ਆਈ. ਦੇ ਇਕ ਸਵਾਲ ਦੇ ਜਵਾਬ ’ਚ ਪਿਨੀਤੀ ਨੇ ਕਿਹਾ, ‘‘ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਸੀ.ਬੀ.ਆਈ. ਨੇ ਮੇਰਾ ਬਿਆਨ ਦਰਜ ਕੀਤੇ ਬਿਨਾਂ ਮੇਰੇ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਹੈ। ਜਦੋਂ ਦੋਸ਼ ਤੈਅ ਕੀਤੇ ਜਾਣਗੇ ਤਾਂ ਅਦਾਲਤ ਨੂੰ ਸਬੂਤ ਦਿਤੇ ਜਾਣਗੇ।’’
ਉਨ੍ਹਾਂ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ’ਚ ਉਨ੍ਹਾਂ ਅਧਿਕਾਰੀਆਂ ’ਤੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਦੇ ਅਧੀਨ ਸੀ.ਬੀ.ਆਈ. ਆਉਂਦੀ ਹੈ, ਇਸ ਲਈ ਏਜੰਸੀ ਨੂੰ ਸਬੂਤ ਇਕੱਠੇ ਕਰਨ ਦੀ ਜ਼ਿੰਮੇਵਾਰੀ ਸੌਂਪਣਾ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ।
ਪਿਛਲੇ ਸਾਲ ਪਿਨੀਤੀ ਦੇ ਵਿਰੁਧ ਐਫ.ਆਈ.ਆਰ. ਦਰਜ ਕਰਨ ਤੋਂ ਬਾਅਦ ਸੀ.ਬੀ.ਆਈ. ਨੇ 2 ਦਸੰਬਰ ਨੂੰ ਭੁਵਨੇਸ਼ਵਰ ’ਚ ਉਸ ਦੇ ਘਰ ਦੀ ਤਲਾਸ਼ੀ ਲਈ ਸੀ ਅਤੇ ਫੋਨ ਅਤੇ ਲੈਪਟਾਪ ਸਮੇਤ ਡਿਜੀਟਲ ਉਪਕਰਣ ਜ਼ਬਤ ਕੀਤੇ ਸਨ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੂੰ ਸੌਂਪੀ ਗਈ ਰੀਪੋਰਟ ਮੁਤਾਬਕ ਜਾਂਚ ਤੋਂ ਪਤਾ ਲੱਗਿਆ ਹੈ ਕਿ ਯੂ-ਟਿਊਬ ਚਰਚਾ ਦੌਰਾਨ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨਾਲ ਸਬੰਧਤ ਉਨ੍ਹਾਂ ਵਲੋਂ ਸੌਂਪੇ ਗਏ ਦਸਤਾਵੇਜ਼ ਜਾਅਲੀ ਸਨ।
ਏਜੰਸੀ ਨੇ ਪਿਨੀਤੀ ਅਤੇ ਕਾਮਥ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 120-ਬੀ (ਅਪਰਾਧਕ ਸਾਜ਼ਸ਼), 465, 469 ਅਤੇ 471 ਸਮੇਤ ਸਬੰਧਤ ਧਾਰਾਵਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਹੈ। ਮੁੰਬਈ ਦੀ ਵਕੀਲ ਚਾਂਦਨੀ ਸ਼ਾਹ ਨੇ ਅਪਣੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਸ਼ੱਕੀ ਦੀਪਤੀ ਪਿਨੀਤੀ ਨੇ ਸ਼੍ਰੀਦੇਵੀ ਦੀ ਮੌਤ ਦੇ ਮਾਮਲੇ ’ਚ ਸਰਕਾਰ ’ਤੇ ਵਾਰ-ਵਾਰ ਅਜੀਬ ਦੋਸ਼ ਲਗਾ ਕੇ ਮੌਜੂਦਾ ਸਰਕਾਰ ਦਾ ਅਕਸ ਖਰਾਬ ਕੀਤਾ ਹੈ।