
ਕੇਂਦਰੀ ਹਦਾਇਤਾਂ ਅਨੁਸਾਰ ਲਾਭਪਾਤਰੀਆਂ ਨੂੰ ਅਨਾਜ ਪਹਿਲਾਂ ਦੇਣਾ ਹੁੰਦਾ ਹੈ ਜਦਕਿ ਪੰਜਾਬ ਸਰਕਾਰ ‘ਵੰਡ ਸਰਕਲ’ ਦੇ ਅਖੀਰ ਵਿਚ ਕਣਕ ਵੰਡਦੀ ਹੈ।
ਨਵੀਂ ਦਿੱਲੀ: ਆਟਾ ਦਾਲ ਸਕੀਮ ਤਹਿਤ ‘ਵੰਡ ਪੈਟਰਨ’ ਨੂੰ ਲੈ ਕੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ। ਦਰਅਸਲ ਕੇਂਦਰੀ ਖ਼ਪਤਕਾਰ ਮਾਮਲੇ, ਫੂਡ ਤੇ ਜਨਤਕ ਵੰਡ ਮੰਤਰਾਲੇ ਵਲੋਂ ਇਕ ਅਪ੍ਰੈਲ ਨੂੰ ਪੰਜਾਬ ਦੇ ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖਿਆ ਗਿਆ ਹੈ। ਇਸ ਵਿਚ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਅਨਾਜ ਦੀ ਵੰਡ ਸਮੇਂ ਸਿਰ ਨਹੀਂ ਕੀਤੀ ਜਾਂਦੀ। ਕੇਂਦਰੀ ਹਦਾਇਤਾਂ ਅਨੁਸਾਰ ਲਾਭਪਾਤਰੀਆਂ ਨੂੰ ਅਨਾਜ ਪਹਿਲਾਂ ਦੇਣਾ ਹੁੰਦਾ ਹੈ ਜਦਕਿ ਪੰਜਾਬ ਸਰਕਾਰ ‘ਵੰਡ ਸਰਕਲ’ ਦੇ ਅਖੀਰ ਵਿਚ ਕਣਕ ਵੰਡਦੀ ਹੈ। ਅਜਿਹਾ ਕਰਨ ਨਾਲ ਐਨਐਫਐਸਏ ਦੇ ਅਸਲ ਮਕਸਦਾਂ ਦੀ ਪੂਰਤੀ ਨਹੀਂ ਹੁੰਦੀ।
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਅਕਤੂਬਰ 2021 ਤੋਂ ਮਾਰਚ 2022 ਤੱਕ ਦੇ ਅਨਾਜ ਦੀ ਚੁਕਾਈ ਅਤੇ ਵੰਡ ਲਈ ਸਮੇਂ ਵਿਚ ਵਾਧੇ ਦੀ ਮੰਗ ਕੀਤੀ ਸੀ। ਇਸ ਮਗਰੋਂ ਕੇਂਦਰ ਨੇ ਅਨਾਜ ਨੂੰ ਵੰਡਣ ਲਈ ਮਿਆਦ 15 ਮਈ 2022 ਤੱਕ ਵਧਾ ਦਿੱਤੀ ਹੈ। ਕੇਂਦਰ ਨੇ ਇਹ ਝਾੜ ਪਾਈ ਹੈ ਕਿ ਅੱਗੇ ਤੋਂ ਅਨਾਜ ਤੈਅ ਸਮੇਂ ਦੇ ਅੰਦਰ ਵੰਡਿਆ ਜਾਵੇ। ਇਸ ਦੇ ਨਾਲ ਹੀ ਕੇਂਦਰ ਵਲੋਂ ਇਸ ਵਾਰ ਹੀ ਛੋਟ ਦੇਣ ਦਾ ਜ਼ਿਕਰ ਕੀਤਾ ਗਿਆ|
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿਚ ਅਨਾਜ ਦੀ ਹੋਮ ਡਲਿਵਰੀ ਦਾ ਐਲਾਨ ਕੀਤਾ ਸੀ। ਜਦਕਿ ਕੇਂਦਰ ਨੇ ਅਨਾਜ ਦੀ ਅਡਵਾਂਸ ਡਿਲੀਵਰੀ ਲਈ ਕਿਹਾ ਹੈ| ਪੰਜਾਬ ਸਰਕਾਰ ਵੱਲੋਂ ਅਪ੍ਰੈਲ-ਜੂਨ ਵਾਲੇ ਵੰਡ ਸਰਕਲ ’ਚ ਅਨਾਜ ਦੀ ਵੰਡ ਕੀਤੀ ਜਾਣੀ ਹੈ। ਇਸ ਦੌਰਾਨ ਜੇਕਰ ਪੰਜਾਬ ਸਰਕਾਰ ਨੇ ਪੁਰਾਣੀ ਪ੍ਰਕਿਰਿਆ ਜਾਰੀ ਰੱਖੀ ਤਾਂ ਕੇਂਦਰ ਵਲੋਂ ਕਿਸੇ ਕਿਸਮ ਦੀ ਭਰਪਾਈ ਨਹੀਂ ਕੀਤੀ ਜਾਵੇਗੀ।
Central Government reprimands Punjab over food distribution
ਪੰਜਾਬ ਵਿਚ ਪਹਿਲਾਂ ਲਾਭਪਾਤਰੀਆਂ ਹਰ ਛੇ ਮਹੀਨੇ ਦੀ ਇਕੱਠੀ ਕਣਕ ਵੰਡੀ ਜਾਂਦੀ ਸੀ ਪਰ ਹੁਣ ਤਿੰਨ ਮਹੀਨਿਆਂ ਬਾਅਦ ਕਣਕ ਦਿੱਤੀ ਜਾਂਦੀ ਹੈ| ਜਨਵਰੀ ਤੋਂ ਮਾਰਚ 2022 ਦੇ ਤਿੰਨ ਮਹੀਨੇ ਦੀ ਕਣਕ ਦੀ ਵੰਡ ਅਜੇ ਬਕਾਇਆ ਹੈ। ਪੰਜਾਬ ‘ਚ ਇਸ ਸਕੀਮ ਦੇ ਸਮਾਰਟ ਕਾਰਡ ਜ਼ਿਆਦਾ ਹਨ ਜਦਕਿ ਕੇਂਦਰ ਵੱਲੋਂ ਅਨਾਜ ਦੀ ਐਲੋਕੇਸ਼ਨ ਘੱਟ ਦਿੱਤੀ ਹੋਈ ਹੈ। ਇਸ ਦੇ ਚਲਦਿਆਂ ਪੰਜਾਬ ਨੂੰ ਕੁਝ ਕਣਕ ਅਪਣੇ ਖ਼ਜ਼ਾਨੇ ’ਚੋਂ ਖ਼ਰੀਦਣੀ ਪੈਂਦੀ ਹੈ। ਅਧਿਕਾਰੀਆਂ ਮੁਤਾਬਤ ਕੇਂਦਰ ਵਲੋਂ ਇਹ ਐਲੋਕੇਸ਼ਨ ਪੰਜਾਬ ਦੀ ਆਬਾਦੀ ਦੇ ਲਿਹਾਜ਼ ਨਾਲ ਕੀਤੀ ਜਾਂਦੀ ਹੈ।