
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ, ਦੁਵੱਲੇ ਮੁੱਦਿਆਂ 'ਤੇ ਕੀਤੀ ਵਿਚਾਰ-ਚਰਚਾ
ਨਵੀਂ ਦਿੱਲੀ : ਭੂਟਾਨ ਦੇ ਰਾਜਾ ਜਿਗਮੇ ਖੇਸਰ ਨਮਗਯਲ ਵਾਂਗਚੱਕ ਨੇ ਮੰਗਲਵਾਰ ਯਾਨੀ ਅੱਜ 4 ਅਪ੍ਰੈਲ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦਰਅਸਲ ਉਹ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੱਦੇ 'ਤੇ ਭਾਰਤ ਦੇ 3 ਦਿਨਾਂ ਦੇ ਸਰਕਾਰੀ ਦੌਰੇ 'ਤੇ ਹਨ।
ਉਹ ਸੋਮਵਾਰ ਨੂੰ ਭਾਰਤ ਪਹੁੰਚੇ ਸਨ। ਉਨ੍ਹਾਂ ਦਾ ਹਵਾਈ ਅੱਡੇ 'ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸਵਾਗਤ ਕੀਤਾ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਭਾਰਤ ਯਾਤਰਾ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ 'ਚ ਹੋਈ ਪ੍ਰਗਤੀ ਦਾ ਜਾਇਜ਼ਾ ਲੈਣ ਦਾ ਵਧੀਆ ਮੌਕਾ ਹੈ। ਉਨ੍ਹਾਂ ਦਾ ਇਹ ਦੌਰਾ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਭਾਰਤ ਅਤੇ ਭੂਟਾਨ ਦਰਮਿਆਨ ਸਬੰਧ ਦੋਸਤਾਨਾ ਰਹੇ ਹਨ। ਇਹ ਗੁਆਂਢੀ ਦੇਸ਼ ਭਾਰਤ ਲਈ ਰਣਨੀਤਕ ਨਜ਼ਰੀਏ ਤੋਂ ਵੀ ਬਹੁਤ ਮਹੱਤਵਪੂਰਨ ਹੈ। ਦੋਵੇਂ ਦੇਸ਼ ਦੋਸਤੀ ਅਤੇ ਸਹਿਯੋਗ ਦੇ ਵਿਲੱਖਣ ਰਿਸ਼ਤੇ ਨੂੰ ਅੱਗੇ ਵਧਾ ਰਹੇ ਹਨ।
ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਆਰਥਿਕ ਵਿਕਾਸ ਅਤੇ ਸਹਿਯੋਗ ਸਮੇਤ ਦੋਵਾਂ ਦੇਸ਼ਾਂ ਦਰਮਿਆਨ ਨਜ਼ਦੀਕੀ ਦੁਵੱਲੇ ਸਬੰਧਾਂ ਨੂੰ ਵਧਾਉਣ ਦੀ ਗੱਲਬਾਤ ਤੋਂ ਪਹਿਲਾਂ ਭੂਟਾਨ ਦੇ ਰਾਜੇ ਦਾ ਸਵਾਗਤ ਕੀਤਾ।