
ਮਨਜੀਤ ਸਿੰਘ ਜੀ.ਕੇ. 21 ਅਪ੍ਰੈਲ ਨੂੰ ਅਪਣਾ ਬਿਆਨ ਦਰਜ ਕਰਵਾਉਣਾ ਜਾਰੀ ਰਖਣਗੇ।
ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੇ ਮਾਮਲੇ ’ਚ ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਬਿਆਨ ਸ਼ੁਕਰਵਾਰ ਨੂੰ ਸਰਕਾਰੀ ਗਵਾਹ ਵਜੋਂ ਦਰਜ ਕੀਤਾ।
ਵਿਸ਼ੇਸ਼ ਜੱਜ ਜਿਤੇਂਦਰ ਸਿੰਘ ਦੇ ਸਾਹਮਣੇ ਪੇਸ਼ ਹੋਏ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਉਨ੍ਹਾਂ ਨੂੰ ਇਕ ਪੈਨ ਡਰਾਈਵ ਮਿਲੀ ਸੀ, ਜਿਸ ਵਿਚ ਟਾਈਟਲਰ ਦੀ ਆਵਾਜ਼ ਰੀਕਾਰਡਿੰਗ ਸੀ, ਜਿਸ ਵਿਚ ਉਸ ਨੇ ਕਤਲੇਆਮ ਵਿਚ ਅਪਣੀ ਭੂਮਿਕਾ ਕਬੂਲ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ 2018 ਵਿਚ ਉਨ੍ਹਾਂ ਦੇ ਘਰ ਇਕ ਲਿਫਾਫਾ ਪ੍ਰਾਪਤ ਹੋਇਆ ਸੀ, ਜਿਸ ਵਿਚ ਇਕ ਚਿੱਠੀ ਅਤੇ ਪੈਨ ਡਰਾਈਵ ਸੀ, ਜਿਸ ਨੂੰ ਬਾਅਦ ਵਿਚ ਉਨ੍ਹਾਂ ਨੇ ਸੀ.ਬੀ.ਆਈ. ਨੂੰ ਸੌਂਪ ਦਿਤਾ, ਜੋ ਮਾਮਲੇ ਦੀ ਜਾਂਚ ਕਰ ਰਹੀ ਸੀ।
ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਟਾਈਟਲਰ, ਜੋ ਅਦਾਲਤ ’ਚ ਮੌਜੂਦ ਸੀ, ਨੇ ਇਸ ਕੇਸ ’ਚ ਇਕ ਗਵਾਹ ਨੂੰ ਧਮਕੀ ਦਿਤੀ ਸੀ। ਮਨਜੀਤ ਸਿੰਘ ਜੀ.ਕੇ. 21 ਅਪ੍ਰੈਲ ਨੂੰ ਅਪਣਾ ਬਿਆਨ ਦਰਜ ਕਰਵਾਉਣਾ ਜਾਰੀ ਰਖਣਗੇ।
ਇਹ ਮਾਮਲਾ 1984 ’ਚ ਕੌਮੀ ਰਾਜਧਾਨੀ ਦੇ ਗੁਰਦੁਆਰਾ ਪੁਲ ਬੰਗਸ਼ ਵਿਖੇ ਤਿੰਨ ਵਿਅਕਤੀਆਂ ਦੇ ਕਤਲ ਨਾਲ ਜੁੜਿਆ ਹੋਇਆ ਹੈ। ਜੱਜ ਨੇ 12 ਨਵੰਬਰ, 2024 ਨੂੰ ਬਾਦਲ ਸਿੰਘ ਦੀ ਵਿਧਵਾ ਲਖਵਿੰਦਰ ਕੌਰ ਦਾ ਬਿਆਨ ਦਰਜ ਕਰਨਾ ਪੂਰਾ ਕਰ ਲਿਆ ਸੀ, ਜਿਸ ਨੂੰ ਕਤਲੇਆਮ ਦੌਰਾਨ ਗੁਰਦੁਆਰਾ ਪੁਲ ਬੰਗਸ਼ ਵਿਖੇ ਭੀੜ ਨੇ ਮਾਰ ਦਿਤਾ ਸੀ। ਅਦਾਲਤ ਨੇ ਪਿਛਲੇ ਸਾਲ 13 ਸਤੰਬਰ ਨੂੰ ਟਾਈਟਲਰ ਵਿਰੁਧ ਕਤਲ ਅਤੇ ਹੋਰ ਅਪਰਾਧਾਂ ਦੇ ਦੋਸ਼ ਤੈਅ ਕੀਤੇ ਸਨ।
ਇਕ ਚਸ਼ਮਦੀਦ ਨੇ ਦਾਅਵਾ ਕੀਤਾ ਕਿ ਟਾਈਟਲਰ 1 ਨਵੰਬਰ 1984 ਨੂੰ ਗੁਰਦੁਆਰੇ ਦੇ ਸਾਹਮਣੇ ਇਕ ਚਿੱਟੀ ਕਾਰ ਵਿਚੋਂ ਬਾਹਰ ਆਇਆ ਅਤੇ ਸਿੱਖਾਂ ਵਿਰੁਧ ਭੀੜ ਨੂੰ ਭੜਕਾਇਆ, ਜਿਸ ਕਾਰਨ ਇਹ ਕਤਲ ਹੋਏ। ਸੈਸ਼ਨ ਕੋਰਟ ਨੇ 2023 ’ਚ ਟਾਈਟਲਰ ਨੂੰ ਇਕ ਲੱਖ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਕਮ ਦੇ ਜ਼ਮਾਨਤ ’ਤੇ ਅਗਾਊਂ ਜ਼ਮਾਨਤ ਦਿਤੀ ਸੀ।
ਟਾਈਟਲਰ ਨੂੰ ਹੁਕਮ ਦਿਤੇ ਗਏ ਸਨ ਕਿ ਉਹ ਇਸ ਮਾਮਲੇ ਵਿਚ ਸਬੂਤਾਂ ਨਾਲ ਛੇੜਛਾੜ ਨਾ ਕਰਨ ਜਾਂ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਨਾ ਛੱਡਣ। ਏਜੰਸੀ ਨੇ ਉਸ ਵਿਰੁਧ .ਆਈ.ਪੀ.ਸੀ ਦੀ ਧਾਰਾ 147 (ਦੰਗੇ), 109 (ਉਕਸਾਉਣਾ) ਅਤੇ 302 (ਕਤਲ) ਸਮੇਤ ਹੋਰ ਧਾਰਾਵਾਂ ਤਹਿਤ ਦੋਸ਼ ਲਗਾਏ ਹਨ।