
ਅਦਾਲਤ ਨੇ ਦੋਸ਼ੀਆਂ ’ਤੇ ਕੁਲ 8.20 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ
ਨਵੀਂ ਦਿੱਲੀ: ਹਰਿਆਣਾ ਦੇ ਪੰਚਕੂਲਾ ਦੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਇਕ ਅਦਾਲਤ ਨੇ ਸਨਿਚਰਵਾਰ ਨੂੰ 2016 ਦੇ ਨੂਹ ਸਮੂਹਿਕ ਜਬਰ ਜਨਾਹ ਅਤੇ ਦੋਹਰੇ ਕਤਲ ਮਾਮਲੇ ਵਿਚ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਸੀ.ਬੀ.ਆਈ. ਅਦਾਲਤ ਨੇ 10 ਅਪ੍ਰੈਲ ਨੂੰ ਹੇਮਤ ਚੌਹਾਨ, ਅਯਾਨ ਚੌਹਾਨ, ਵਿਨੈ ਅਤੇ ਜੈ ਭਗਵਾਨ ਨੂੰ ਦੋਹਰੇ ਕਤਲ, ਸਮੂਹਕ ਜਬਰ ਜਨਾਹ ਅਤੇ ਡਕੈਤੀ ਲਈ ਦੋਸ਼ੀ ਠਹਿਰਾਇਆ ਸੀ। ਇਹ ਘਟਨਾ 24-25 ਅਗੱਸਤ , 2016 ਦੀ ਦਰਮਿਆਨੀ ਰਾਤ ਨੂੰ ਹਰਿਆਣਾ ਦੇ ਨੂਹ ’ਚ ਵਾਪਰੀ ਸੀ।
ਸੀ.ਬੀ.ਆਈ. ਨੇ ਇਕ ਬਿਆਨ ਵਿਚ ਕਿਹਾ ਕਿ ਅਦਾਲਤ ਨੇ ਦੋਸ਼ੀਆਂ ’ਤੇ ਕੁਲ 8.20 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਮੁਲਜ਼ਮਾਂ ਨੇ ਇਕ ਨਾਬਾਲਗ ਸਮੇਤ ਦੋ ਔਰਤਾਂ ਨਾਲ ਉਨ੍ਹਾਂ ਦੇ ਘਰ ’ਚ ਸਮੂਹਕ ਜਬਰ ਜਨਾਹ ਕੀਤਾ ਸੀ ਅਤੇ ਫਿਰ ਗਹਿਣੇ ਅਤੇ ਨਕਦੀ ਲੁੱਟ ਲਈ ਸੀ। ਇਸ ਹਾਦਸੇ ’ਚ ਦੋ ਲੋਕਾਂ ਦੀ ਮੌਤ ਹੋ ਗਈ।
ਹਰਿਆਣਾ ਪੁਲਿਸ ਨੇ ਵੱਖ-ਵੱਖ ਮੁਲਜ਼ਮਾਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਸੀ। ਸੂਬਾ ਸਰਕਾਰ ਦੇ ਨਿਰਦੇਸ਼ਾਂ ’ਤੇ ਸੀ.ਬੀ.ਆਈ. ਨੇ ਘਟਨਾ ਦੀ ਜਾਂਚ ਅਪਣੇ ਹੱਥ ’ਚ ਲੈ ਲਈ ਸੀ। ਏਜੰਸੀ ਨੇ ਵਿਸਥਾਰਤ ਜਾਂਚ ਤੋਂ ਬਾਅਦ 24 ਜਨਵਰੀ, 2018 ਅਤੇ 29 ਜਨਵਰੀ, 2019 ਨੂੰ ਦੋ ਦੋਸ਼ ਪੱਤਰ ਦਾਇਰ ਕੀਤੇ ਸਨ।
ਸੀ.ਬੀ.ਆਈ. ਦੇ ਬੁਲਾਰੇ ਨੇ ਕਿਹਾ, ‘‘ਹੇਠਲੀ ਅਦਾਲਤ ਨੇ 10 ਅਪ੍ਰੈਲ, 2024 ਨੂੰ ਉਪਰੋਕਤ ਚਾਰਾਂ ਦੋਸ਼ੀਆਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 120ਬੀ, 302, 307, 376-ਡੀ, 323, 459, 460 ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ, 2012 ਦੀ ਧਾਰਾ 6 ਤਹਿਤ ਦੋਸ਼ੀ ਠਹਿਰਾਇਆ ਸੀ ਅਤੇ ਸਜ਼ਾ ਸੁਣਾਉਣ ਲਈ ਅਗਲੀ ਤਰੀਕ ਤੈਅ ਕੀਤੀ ਸੀ।’’