
ਰਾਜਪਾਲ ਨੇ ਰਾਜ ਭਵਨ ਵਿਚ ਪੁਲਿਸ ਦੇ ਦਾਖਲੇ ’ਤੇ ਪਾਬੰਦੀ ਲਗਾਉਣ ਦਾ ਹੁਕਮ ਦਿਤਾ
ਕੋਲਕਾਤਾ: ਕੋਲਕਾਤਾ ਪੁਲਿਸ ਨੇ ਰਾਜਪਾਲ ਸੀ.ਵੀ. ਆਨੰਦ ਬੋਸ ਵਿਰੁਧ ਇਕ ਔਰਤ ਮੁਲਾਜ਼ਮ ਵਲੋਂ ਲਗਾਏ ਗਏ ਜਿਨਸੀ ਸੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਇਕ ਜਾਂਚ ਟੀਮ ਦਾ ਗਠਨ ਕੀਤਾ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਟੀਮ ਅਪਣੀ ਜਾਂਚ ਦੇ ਹਿੱਸੇ ਵਜੋਂ ਅਗਲੇ ਕੁੱਝ ਦਿਨਾਂ ’ਚ ਗਵਾਹਾਂ ਨਾਲ ਗੱਲ ਕਰੇਗੀ ਅਤੇ ਰਾਜ ਭਵਨ ਨੂੰ ਸੀ.ਸੀ.ਟੀ.ਵੀ. ਫੁਟੇਜ ਸਾਂਝਾ ਕਰਨ ਦੀ ਬੇਨਤੀ ਕੀਤੀ ਹੈ। ਸੰਵਿਧਾਨ ਦੀ ਧਾਰਾ 361 ਦੇ ਤਹਿਤ ਕਿਸੇ ਰਾਜਪਾਲ ਦੇ ਕਾਰਜਕਾਲ ਦੌਰਾਨ ਉਸ ਵਿਰੁਧ ਕੋਈ ਅਪਰਾਧਕ ਕਾਰਵਾਈ ਸ਼ੁਰੂ ਨਹੀਂ ਕੀਤੀ ਜਾ ਸਕਦੀ।
ਪੁਲਿਸ ਅਧਿਕਾਰੀ ਨੇ ਕਿਹਾ, ‘‘ਅਸੀਂ ਇਕ ਜਾਂਚ ਟੀਮ ਦਾ ਗਠਨ ਕੀਤਾ ਹੈ ਜੋ ਅਗਲੇ ਕੁੱਝ ਦਿਨਾਂ ਵਿਚ ਮਾਮਲੇ ਦੇ ਕੁੱਝ ਸੰਭਾਵਤ ਗਵਾਹਾਂ ਨਾਲ ਗੱਲ ਕਰੇਗੀ। ਅਸੀਂ ਰਾਜ ਭਵਨ ਨੂੰ ਵੀ ਬੇਨਤੀ ਕੀਤੀ ਹੈ ਕਿ ਜਦੋਂ ਵੀ ਸੀ.ਸੀ.ਟੀ.ਵੀ. ਫੁਟੇਜ ਉਪਲਬਧ ਹੋਵੇ ਤਾਂ ਇਸ ਨੂੰ ਸਾਂਝਾ ਕੀਤਾ ਜਾਵੇ।’’
ਇਹ ਪੁੱਛੇ ਜਾਣ ’ਤੇ ਕਿ ਰਾਜਪਾਲ ਨੂੰ ਸੰਵਿਧਾਨਕ ਛੋਟ ਮਿਲਣ ਦੇ ਬਾਵਜੂਦ ਪੁਲਿਸ ਜਾਂਚ ਕਿਵੇਂ ਸ਼ੁਰੂ ਕਰ ਸਕਦੀ ਹੈ? ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ‘‘ਕੋਈ ਵੀ ਸ਼ਿਕਾਇਤ ਮਿਲਣ ਤੋਂ ਬਾਅਦ, ਖਾਸ ਕਰ ਕੇ ਕਿਸੇ ਔਰਤ ਤੋਂ ਸ਼ਿਕਾਇਤ ਮਿਲਣ ਮਗਰੋਂ ਜਾਂਚ ਸ਼ੁਰੂ ਕਰਨਾ ਨਿਯਮਿਤ ਪ੍ਰਕਿਰਿਆ ਹੈ।’’
ਉਨ੍ਹਾਂ ਕਿਹਾ, ‘‘ਸਾਨੂੰ ਕਿਸੇ ਵਲੋਂ ਦਿਤੀ ਗਈ ਸ਼ਿਕਾਇਤ ਦੀ ਜਾਂਚ ਕਰਨੀ ਪੈਂਦੀ ਹੈ। ਇਹ ਇਕ ਰੁਟੀਨ ਪ੍ਰਕਿਰਿਆ ਹੈ ਅਤੇ ਅਸੀਂ ਸਿਰਫ ਇਸ ਦੀ ਪਾਲਣਾ ਕਰ ਰਹੇ ਹਾਂ। ਜੇਕਰ ਲੋੜ ਪਈ ਤਾਂ ਅਸੀਂ ਮੌਕੇ (ਰਾਜ ਭਵਨ) ਦਾ ਦੌਰਾ ਕਰ ਸਕਦੇ ਹਾਂ।’’
ਰਾਜ ਭਵਨ ਦੀ ਠੇਕੇ ’ਤੇ ਕੰਮ ਕਰਨ ਵਾਲੀ ਇਕ ਮਹਿਲਾ ਮੁਲਾਜ਼ਮ ਨੇ ਸ਼ੁਕਰਵਾਰ ਨੂੰ ਕੋਲਕਾਤਾ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਬੰਗਾਲ ਦੇ ਰਾਜਪਾਲ ਵਿਰੁਧ ਰਾਜ ਭਵਨ ’ਚ ਜਿਨਸੀ ਸੋਸ਼ਣ ਦਾ ਦੋਸ਼ ਲਗਾਇਆ ਹੈ।
ਰਾਜ ਭਵਨ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਬੋਸ ਨੇ ‘‘ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਅਣਅਧਿਕਾਰਤ, ਨਾਜਾਇਜ਼, ਦਿਖਾਵਟੀ ਅਤੇ ਪ੍ਰੇਰਿਤ ਜਾਂਚ’’ ਦੀ ਆੜ ਵਿਚ ਚੋਣਾਂ ਦੌਰਾਨ ਰਾਜ ਭਵਨ ਵਿਚ ਪੁਲਿਸ ਦੇ ਦਾਖਲੇ ’ਤੇ ਪਾਬੰਦੀ ਲਗਾਉਣ ਦਾ ਹੁਕਮ ਦਿਤਾ ਹੈ।
ਪ੍ਰਧਾਨ ਮੰਤਰੀ ਚੁੱਪ ਕਿਉਂ ਹਨ : ਮਮਤਾ ਬੈਨਰਜੀ
ਚਕਦਾਹ: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਨਿਚਰਵਾਰ ਨੂੰ ਭਾਜਪਾ ’ਤੇ ਸੰਦੇਸ਼ਖਾਲੀ ਘਟਨਾ ਦੀ ਕਹਾਣੀ ਲਿਖਣ ਦਾ ਦੋਸ਼ ਲਾਇਆ ਅਤੇ ਸਵਾਲ ਕੀਤਾ ਕਿ ਇਕ ਔਰਤ ਵਲੋਂ ਘਟਨਾ ਦੀ ਸਕ੍ਰਿਪਟ ਕਿਉਂ ਲਿਖੀ ਅਤੇ ਸਵਾਲ ਕੀਤਾ ਕਿ ਰਾਜਪਾਲ ਸੀ.ਵੀ. ਚੰਦਰਸ਼ੇਖਰ ਰਾਉ ਵਿਰੁਧ ਇਕ ਔਰਤ ਵਲੋਂ ਲਾਏ ਦੋਸ਼ਾਂ ਦੇ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁੱਪ ਕਿਉਂ ਹਨ? ਨਾਦੀਆ ਜ਼ਿਲ੍ਹੇ ਦੇ ਚੱਕਦਾਹ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਦਾਅਵਾ ਕੀਤਾ, ‘‘ਸੰਦੇਸ਼ਖਾਲੀ ਦੀ ਪੂਰੀ ਘਟਨਾ ਪਹਿਲਾਂ ਤੋਂ ਯੋਜਨਾਬੱਧ ਸੀ। ਭਾਜਪਾ ਨੇ ਇਸ ਨੂੰ ਚੰਗੀ ਤਰ੍ਹਾਂ ਲਿਖਿਆ। ਸੱਚਾਈ ਸਾਹਮਣੇ ਆ ਗਈ ਹੈ। ਮੈਂ ਇਹ ਲੰਮੇ ਸਮੇਂ ਤੋਂ ਕਹਿ ਰਹੀ ਹਾਂ।’’ ਉਨ੍ਹਾਂ ਕਿਹਾ, ‘‘ਮੈਂ ਪੂਰੀ ਵੀਡੀਉ ਨਹੀਂ ਵੇਖੀ ਹੈ। ਮੈਂ ਇਸ ਨੂੰ ਜ਼ਰੂਰ ਦੇਖਾਂਗੀ।’’ ਤ੍ਰਿਣਮੂਲ ਕਾਂਗਰਸ ਨੇ ਸਨਿਚਰਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਵੀਡੀਉ ਜਾਰੀ ਕਰ ਕੇ ਦਾਅਵਾ ਕੀਤਾ ਕਿ ਸੰਦੇਸ਼ਖਾਲੀ ਕਾਂਡ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਛਮੀ ਬੰਗਾਲ ਨੂੰ ਬਦਨਾਮ ਕਰਨ ਲਈ ਭਾਜਪਾ ਦੀ ਸਾਜ਼ਸ਼ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੰਦੇਸ਼ਖਾਲੀ ਨੂੰ ਲੈ ਕੇ ਸੰਦੇਸ਼ ਦਿਤਾ ਸੀ ਪਰ ਕੇਂਦਰ ਦੇ ਨੁਮਾਇੰਦੇ (ਰਾਜਪਾਲ) ਜਿਨਸੀ ਸੋਸ਼ਣ ਦੇ ਮੁੱਦੇ ’ਤੇ ਚੁੱਪ ਰਹੇ।