
ਕਈ ਲਾਸ਼ਾਂ ਦੀ ਗਿਣਤੀ ਦੋ ਵਾਰੀ ਹੋਣ ਕਰਕੇ ਗਿਣਤੀ ਵਧੀ ਸੀ, ਅਜੇ ਤਕ ਸਿਰਫ਼ 88 ਲਾਸ਼ਾਂ ਦੀ ਪਛਾਣ ਹੋਈ
ਭੁਵਨੇਸ਼ਵਰ: ਓਡੀਸ਼ਾ ਸਰਕਾਰ ਨੇ ਰੇਲ ਹਾਦਸੇ ’ਚ ਮ੍ਰਿਤਕਾਂ ਦੀ ਗਿਣਤੀ ਐਤਵਾਰ ਨੂੰ 288 ਤੋਂ ਸੋਧ ਕੇ 275 ਕਰ ਦਿਤੀ ਹੈ ਅਤੇ ਜ਼ਖ਼ਮੀਆਂ ਦੀ ਗਿਣਤੀ 1175 ਦੱਸੀ ਹੈ।
ਮੁੱਖ ਸਕੱਤਰ ਪੀ.ਕੇ. ਜੈਨਾ ਮੁਤਾਬਕ, ਕੁਝ ਲਾਸ਼ਾਂ ਦੀ ਦੋ ਵਾਰੀ ਗਿਣਤੀ ਹੋ ਗਈ ਸੀ। ਉਨ੍ਹਾਂ ਕਿਹਾ, ‘‘ਵਿਸਤ੍ਰਿਤ ਤਸਦੀਕ ਅਤੇ ਬਾਲਾਸੋਰ ਜ਼ਿਲ੍ਹਾ ਅਧਿਕਾਰੀ ਦੀ ਇਕ ਰੀਪੋਰਟ ਤੋਂ ਬਾਅਦ ਸੋਧੀ ਗਈ ਮ੍ਰਿਤਕਾਂ ਦੀ ਗਿਣਤੀ 275 ਹੈ।’’
ਜੈਨਾ ਨੇ ਕਿਹਾ ਕਿ ਜ਼ਖ਼ਮੀਆਂ ਦਾ ਇਲਾਜ ਸੋਰੋ, ਬਾਲਾਸੋਰ, ਭਦਰਕ ਅਤੇ ਕਟਕ ਦੇ ਵੱਖੋ-ਵੱਖ ਹਸਪਤਾਲਾਂ ’ਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਹੁਣ ਤਕ 793 ਸਵਾਰੀਆਂ ਨੂੰ ਹਸਪਤਾਲਾਂ ਤੋਂ ਛੁੱਟੀ ਦਿਤੀ ਜਾ ਚੁਕੀ ਹੈ ਅਤੇ 382 ਦਾ ਸਰਕਾਰੀ ਖ਼ਰਚ ’ਤੇ ਇਲਾਜ ਹੋ ਰਿਹਾ ਹੈ।’’
ਜੇਨਾ ਨੇ ਕਿਹਾ ਕਿ ਕਿ ਹੁਣ ਤਕ 88 ਲਾਸ਼ਾਂ ਦੀ ਪਛਾਣ ਕੀਤੀ ਜਾ ਚੁਕੀ ਹੈ ਅਤੇ 78 ਲਾਸ਼ਾਂ ਨੂੰ ਉਨ੍ਹਾਂ ਦੇ ਪ੍ਰਵਾਰਾਂ ਨੂੰ ਸੌਂਪ ਦਿਤਾ ਗਿਆ ਹੈ, ਜਦਕਿ 187 ਦੀ ਪਛਾਣ ਨਹੀਂ ਹੋ ਸਕੀ।
ਮੁੱਖ ਸਕੱਤਰ ਨੇ ਕਿਹਾ ਕਿ ਲਾਸ਼ਾਂ ਦੀ ਪਛਾਣ ਹੀ ਸਭ ਤੋਂ ਵੱਡੀ ਚੁਨੌਤੀ ਹੈ। ਉਨ੍ਹਾਂ ਕਿਹਾ, ‘‘ਡੀ.ਐਨ.ਏ਼. ਨਮੂਨਾ ਲਿਆ ਜਾਵੇਗਾ ਅਤੇ ਮ੍ਰਿਤਕਾਂ ਦੀਆਂ ਤਸਵੀਰਾਂ ਸਰਕਾਰੀ ਵੈੱਬਸਾਈਟ ’ਤੇ ਅਪਲੋਡ ਕੀਤੀਆਂ ਜਾਣਗੀਆਂ।’’
ਜੇਨਾ ਨੇ ਕਿਹਾ ਕਿ ਐਨ.ਡੀ.ਆਰ.ਐਫ਼. ਦੀਆਂ 9 ਟੀਮਾਂ ਓਡੀਸ਼ਾ ਬਿਪਤਾ ਤੁਰਤ ਪ੍ਰਤੀਕਿਰਿਆ ਬਲ ਦੀਆਂ ਪੰਜ ਇਕਾਈਆਂ ਅਤੇ ਅੱਗ ਬੁਝਾਊ ਸੇਵਾ ਦੀਆਂ 24 ਟੀਮਾਂ ਬਚਾਅ ਮੁਹਿੰਮ ’ਚ ਲਗੀਆਂ ਸਨ, ਜੋ ਹੁਣ ਪੂਰੀ ਹੋ ਚੁਕੀ ਹੈ।