
ਕਿਹਾ, ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਲਈ ਗਈ ਹੈ, ਰੀਪੋਰਟ ਦੀ ਉਡੀਕ ਕਰੋ
ਬਾਲਾਸੋਰ (ਓਡਿਸ਼ਾ), 4 ਜੂਨ: ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਐਤਵਾਰ ਨੂੰ ਕਿਹਾ ਕਿ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ’ਚ ਸ਼ੁਕਰਵਾਰ ਨੂੰ ਹੋਏ ਭਿਆਨਕ ਰੇਲ ਹਾਦਸੇ ਦੇ ਕਾਰਨਾਂ ਦਾ ਪਤਾ ਚਲ ਗਿਆ ਹੈ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਲਈ ਗਈ ਹੈ।
ਹਾਦਸੇ ਵਾਲੀ ਥਾਂ ’ਤੇ ਬਚਾਅ ਕਾਰਜ ਪੂਰਾ ਹੋ ਗਿਆ ਹੈ ਅਤੇ ਰੇਲਵੇ ਦਾ ਆਗਾਮੀ ਕੁਝ ਦਿਨਾਂ ’ਚ ਪ੍ਰਭਾਵਤ ਮਾਰਗ ’ਤੇ ਆਮ ਸੇਵਾ ਬਹਾਲ ਕਰਨ ਦਾ ਟੀਚਾ ਹੈ।
ਰੇਲ ਗੱਡੀਆਂ ਨੂੰ ਟਕਰਾਉਣ ਤੋਂ ਬਚਾਉਣ ਵਾਲੀ ‘ਕਵਚ’ ਪ੍ਰਣਾਲੀ ਨੂੰ ਲੈ ਕੇ ਛਿੜੀ ਬਹਿਸ ਵਿਚਕਾਰ ਕਾਂਗਰਸ ਨੇ ਰੇਲ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਅਤੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇਸ ਬਹੁਪ੍ਰਚਾਰਿਤ ਪ੍ਰਣਾਲੀ ਨੂੰ ਦੇਸ਼ ਭਰ ’ਚ ਕਦੋਂ ਲਾਗੂ ਕਰੇਗੀ।
ਵੈਸ਼ਣਵ ਨੇ ਕਿਹਾ ਕਿ ਰੇਲ ਹਾਦਸੇ ਦਾ ‘ਕਵਚ’ ਪ੍ਰਣਾਲੀ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਰੇਲਵੇ ਅਪਣੇ ਨੈੱਟਵਰਕ ’ਚ ‘ਕਵਚ’ ਪ੍ਰਣਾਲੀ ਮੁਹਈਆ ਕਰਵਾਉਣ ਦੀ ਪ੍ਰਕਿਰਿਆ ’ਚ ਹੈ, ਤਾਕਿ ਰੇਲ ਗੱਡੀਆਂ ਦੇ ਆਪਸ ’ਚ ਟਕਰਾਉਣ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਵੈਸ਼ਣਵ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨਾਲ ਹਾਦਸੇ ਵਾਲੀ ਥਾਂ ’ਤੇ ਡੇਰਾ ਲਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਹਾਦਸੇ ਕਰਕੇ ਰੇਲਵੇ ਸਿਗਨਲ ਲਈ ਅਹਿਮ ਉਪਕਰਨ ‘ਪੁਆਇੰਟ ਮਸ਼ੀਨ’ ਅਤੇ ‘ਇਲੈਟ੍ਰਾਨਿਕ ਇੰਟਰਲਾਕਿੰਗ’ ਪ੍ਰਣਾਲੀ ਨਾਲ ਸਬੰਧਤ ਹਨ।
ਵੈਸ਼ਣਵ ਨੇ ਕਿਹਾ ਕਿ ‘ਇਲੈਕਟ੍ਰਾਨਿਕ ਇੰਟਰਲਾਕਿੰਗ’ ’ਚ ਕੀਤੇ ਉਸ ਬਦਲਾਅ ਦੀ ਪਛਾਣ ਕਰ ਲਈ ਗਈ ਹੈ ਜਿਸ ਕਰਕੇ ਇਹ ਹਾਦਸਾ ਵਾਪਰਿਆ।
ਉਨ੍ਹਾਂ ਕਿਹਾ, ‘‘ਪੁਆਇੰਟ ਮਸ਼ੀਨ ਦੀ ਸੈਟਿੰਗ ਨੂੰ ਬਦਲਿਆ ਗਿਆ। ਇਹ ਕਿਸ ਤਰ੍ਹਾਂ ਅਤੇ ਕਿਉਂ ਕੀਤਾ ਗਿਆ ਇਸ ਦਾ ਪ੍ਰਗਟਾਵਾ ਜਾਂਚ ਰੀਪੋਰਟ ’ਚ ਕੀਤਾ ਜਾਵੇਗਾ।’’
ਉਨ੍ਹਾਂ ਰੀਪੋਰਟ ਦੀ ਉਡੀਕ ਕਰਨ ਲਈ ਦਸਦਿਆਂ ਕਿਹਾ, ‘‘ਮੈਂ ਸਿਰਫ਼ ਏਨਾ ਕਹਾਂਗਾ ਕਿ ਅਸਲ ਕਾਰਨ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਲਈ ਗਈ ਹੈ।’’
ਇਲੈਕਟ੍ਰਾਨਿਕ ਪੁਆਇੰਟ ਮਸ਼ੀਨ ਤੁਰਤ ਸੰਚਾਲਨ ਅਤੇ ‘ਪੁਆਇੰਟ ਸਵਿਚ’ ਨੂੰ ਲਾਕ ਕਰਨ ਲਈ ਰੇਲਵੇ ਸਿਗਨਲ ਦਾ ਮਹੱਤਵਪੂਰਨ ਉਪਕਰਨ ਹੈ ਅਤੇ ਇਹ ਰੇਲਗੱਡੀਆਂ ਦੀ ਸੁਰੱਖਿਅਤ ਆਵਾਜਾਈ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਨ੍ਹਾਂ ਮਸ਼ੀਨਾਂ ਦੇ ਕੰਮ ਨਾ ਕਰਨ ਦੀ ਸਥਿਤੀ ’ਚ ਰੇਲ ਗੱਡੀਆਂ ਦੀ ਆਵਾਜਾਈ ’ਤੇ ਗੰਭੀਰ ਅਸਰ ਪੈਂਦਾ ਹੈ ਅਤੇ ਇਨ੍ਹਾਂ ਨੂੰ ਲਾਉਂਦੇ ਸਮੇਂ ਹੋਈਆਂ ਖ਼ਾਮੀਆਂ ਕਰਕੇ ਸੁਰਖਿਅਤ ਹਾਲਾਤ ਵੀ ਪੈਦਾ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਬਾਲਾਸੋਰ ’ਚ ਬਾਹਾਨਗਾ ਬਾਜ਼ਾਰ ਰੇਲਵੇ ਸਟੇਸ਼ਨ ਦੇ ਕੋਲ ਸ਼ੁਕਰਵਾਰ ਸ਼ਾਮ ਕਰੀਬ 7 ਵਜੇ ਕੋਰੋਮੰਡਲ ਐਕਸਪ੍ਰੈੱਸ ਦੇ ਮੁੱਖ ਲਾਈਨ ਦੀ ਬਜਾਏ ਲੂਪ ਲਾਈਨ ’ਚ ਦਾਖ਼ਲ ਹੋਣ ਤੋਂ ਬਾਅਦ ਉਥੇ ਖੜੀ ਇਕ ਮਾਲਗੱਡੀ ਨਾਲ ਟਕਰਾ ਗਈ ਸੀ। ਇਸ ਹਾਦਸੇ ਦੀ ਚਪੇਟ ’ਚ ਬੇਂਗਲੁਰੂ-ਹਾਵੜਾ ਸੂਪਰਫ਼ਾਸਟ ਐਕਸਪ੍ਰੈੱਸ ਵੀ ਆ ਗਈ ਸੀ।