
ਪੁਲਿਸ ਨੇ ਅਦਾਲਤ ਵਿਚ ਦਾਖ਼ਲ ਕੀਤਾ ਦੋਸ਼ ਪੱਤਰ
ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਅਦਾਲਤ ਵਿਚ ਦਾਖ਼ਲ ਅਪਣੇ ਦੋਸ਼ਪੱਤਰ ਵਿਚ ਕਿਹਾ ਹੈ ਕਿ ਫ਼ਰਵਰੀ ਵਿਚ ਉੱਤਰ ਪੂਰਬੀ ਦਿੱਲੀ ਵਿਚ ਹੋਏ ਦੰਗਿਆਂ ਦੌਰਾਨ ਕੁੱਝ ਦੰਗੇਬਾਜ਼ ਵਟਸਐਪ ਗਰੁਪ ਜ਼ਰੀਏ ਆਪਸ ਵਿਚ ਸੰਪਰਕ ਵਿਚ ਸਨ ਅਤੇ ‘ਜੈ ਸ੍ਰੀ ਰਾਮ’ ਨਾ ਕਹਿਣ ’ਤੇ ਉਨ੍ਹਾਂ 9 ਮੁਸਲਮਾਨਾਂ ਨੂੰ ਮਾਰ ਮੁਕਾਇਆ। ਦੋਸ਼ਪੱਤਰ ਵਿਚ ਕਿਹਾ ਗਿਆ ਹੈ ਕਿ ਸਾਰੇ ਮੁਲਜ਼ਮ ਮੁਸਲਮਾਨਾਂ ਕੋਲੋਂ ਬਦਲਾ ਲੈਣ ਲਈ 25 ਫ਼ਰਵਰੀ ਨੂੰ ਬਣਾਏ ਗਏ ਵਟਸਐਪ ਗਰੁਪ ‘ਕੱਟੜ ਹਿੰਦੂਤਵ ਏਕਤਾ’ ਨਾਲ ਜੁੜੇ ਸਨ।
File Photo
ਇਸ ਗਰੁਪ ਦੀ ਵਰਤੋਂ ਇਨ੍ਹਾਂ ਲੋਕਾਂ ਨੇ ਆਪਸ ਵਿਚ ਸੰਪਰਕ ਵਿਚ ਰਹਿਣ ਅਤੇ ਇਕ ਦੂਜੇ ਨੂੰ ਲੋਕ, ਹਥਿਆਰ ਅਤੇ ਗੋਲਾ ਬਾਰੂਦ ਮੁਹਈਆ ਕਰਾਉਣ ਲਈ ਕੀਤੀ। ਵਟਸਐਪ ਗਰੁਪ ਬਣਾਉਣ ਵਾਲਾ ਹਾਲੇ ਫ਼ਰਾਰ ਹੈ। ਕਿਹਾ ਗਿਆ ਹੈ Îਕਿ 25 ਫ਼ਰਵਰੀ ਨੂੰ 12.49 ਵਜੇ ‘ਕੱਟੜ ਹਿੰਦੂਤਵ ਏਕਤਾ’ ਗਰੁਪ ਬਣਾਇਆ ਗਿਆ। ਸ਼ੁਰੂ ਵਿਚ ਇਸ ਗਰੁਪ ਵਿਚ 125 ਮੈਂਬਰ ਸਨ ਅਤੇ ਬਾਅਦ ਵਿਚ 47 ਜਣੇ ਗਰੁਪ ਤੋਂ ਬਾਹਰ ਹੋ ਗਏ।
File Photo
ਪੁਲਿਸ ਨੇ ਕਿਹਾ, ‘ਜਾਂਚ ਦੌਰਾਨ ਇਹ ਸਾਬਤ ਹੋਇਆ ਕਿ 25 ਫ਼ਰਵਰੀ ਦੀ ਸਵੇਰ ਤੋਂ ਲੈ ਕੇ 26 ਫ਼ਰਵਰੀ ਦੀ ਰਾਤ ਤਕ ਹਿੰਦੂਆਂ ਦਾ ਗਰੁਪ ਸਰਗਰਮ ਹੋ ਗਿਆ ਸੀ। ਮੁਲਜ਼ਮ ਜਤਿਨ ਸ਼ਰਮਾ ਅਤੇ ਹੋਰਾਂ ਨੇ ਹੋਰ ਬਦਮਾਸ਼ਾਂ ਨਾਲ ਮਿਲ ਕੇ ਭਾਗੀਰਥੀ ਬਿਹਾਰ ਇਲਾਕੇ ਅਤੇ ਹੋਰ ਥਾਵਾਂ ’ਤੇ ਨੌਂ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਕਈ ਹੋਰਾਂ ਨੂੰ ਜ਼ਖ਼ਮੀ ਕਰ ਦਿਤਾ। ਪੁਲਿਸ ਮੁਤਾਬਕ ਇਹ ਲੋਕ ਨਾਮ ਪੁੱਛ ਕੇ ਲੋਕਾਂ ਨੂੰ ਫੜਦੇ ਸਨ ਅਤੇ ਪਛਾਣ ਪੱਤਰ ਵਿਖਾਉਣ ਲਈ ਆਖਦੇ ਸਨ। ਕਈ ਵਾਰ ਉਨ੍ਹਾਂ ਨੂੰ ‘ਜੈ ਸ੍ਰੀ ਰਾਮ’ ਕਹਿਣ ਲਈ ਮਜਬੂਰ ਕੀਤਾ ਗਿਆ।
File Photo
ਦੋਸ਼ਪੱਤਰ ਵਿਚ ਕਿਹਾ ਗਿਆ ਹੈ, ‘ਜਿਹੜੇ ਲੋਕ ਜੈ ਸ੍ਰੀ ਰਾਮ ਨਹੀਂ ਬੋਲਦੇ ਸਨ ਜਾਂ ਉਨ੍ਹਾਂ ਦੀ ਮੁਸਲਿਮ ਪਛਾਣ ਸਾਬਤ ਹੋ ਜਾਂਦੀ ਸੀ ਤਾਂ ਬੇਰਹਿਮੀ ਨਾਲ ਉਨ੍ਹਾਂ ’ਤੇ ਹਮਲਾ ਕਰ ਦਿਤਾ ਜਾਂਦਾ ਸੀ ਅਤੇ ਲਾਸ਼ ਨੂੰ ਭਾਗੀਰਥੀ ਬਿਹਾਰ ਦੇ ਮੁੱਖ ਨਾਲੇ ਵਿਚ ਸੁੱਟ ਦਿਤਾ ਜਾਂਦਾ ਸੀ। ਅਦਾਲਤ ਮਾਮਲੇ ’ਤੇ 13 ਜੁਲਾਈ ਨੂੰ ਸੁਣਵਾਈ ਕਰੇਗੀ। ਇਸੇ ਤਰ੍ਹਾਂ ਹੋਰ ਮੁਸਲਮਾਨਾਂ ਦੀ ਹਤਿਆ ਕਰ ਕੇ ਲਾਸ਼ਾਂ ਨਾਲੇ ਵਿਚ ਸੁਟੀਆਂ ਗਈਆਂ।