
ਪਾਰਦੀਵਾਲਾ ਨੇ ਕਿਹਾ ਕਿ ਸੋਸ਼ਲ ਮੀਡੀਆ ਟਰਾਇਲਾਂ ਰਾਹੀਂ ਸੰਵੇਦਨਸ਼ੀਲ ਮਾਮਲਿਆਂ ਵਿਚ ਨਿਆਂਇਕ ਪ੍ਰਕਿਰਿਆ ਵਿਚ ਬੇਲੋੜੀ ਦਖ਼ਲਅੰਦਾਜ਼ੀ ਕੀਤੀ ਜਾਂਦੀ ਹੈ
ਨਵੀਂ ਦਿੱਲੀ: ਪੈਗੰਬਰ ਮੁਹੰਮਦ ਬਾਰੇ ਬਿਆਨ ਦੇਣ ਲਈ ਨੂਪੁਰ ਸ਼ਰਮਾ ’ਤੇ ਸਖ਼ਤ ਟਿੱਪਣੀ ਕਰਨ ਵਾਲੇ ਸੁਪਰੀਮ ਕੋਰਟ ਦੇ ਜੱਜਾਂ ਵਿਚੋਂ ਇਕ ਜਸਟਿਸ ਜੇਬੀ ਪਾਰਦੀਵਾਲਾ ਨੇ ਕਿਹਾ ਕਿ ਸੋਸ਼ਲ ਮੀਡੀਆ ਟਰਾਇਲਾਂ ਰਾਹੀਂ ਸੰਵੇਦਨਸ਼ੀਲ ਮਾਮਲਿਆਂ ਵਿਚ ਨਿਆਂਇਕ ਪ੍ਰਕਿਰਿਆ ਵਿਚ ਬੇਲੋੜੀ ਦਖ਼ਲਅੰਦਾਜ਼ੀ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਜੱਜਾਂ ਦੇ ਫੈਸਲਿਆਂ ਲਈ ਉਹਨਾਂ 'ਤੇ ਨਿੱਜੀ ਹਮਲੇ ਖਤਰਨਾਕ ਸਥਿਤੀ ਵੱਲ ਲੈ ਜਾਂਦੇ ਹਨ।
ਐਤਵਾਰ ਨੂੰ ਇਕ ਸਮਾਗਮ 'ਚ ਬੋਲਦਿਆਂ ਜਸਟਿਸ ਜੇਬੀ ਪਾਰਦੀਵਾਲਾ ਨੇ ਕਿਹਾ ਕਿ ਸੰਵਿਧਾਨ ਦੇ ਤਹਿਤ ਕਾਨੂੰਨ ਦਾ ਰਾਜ ਕਾਇਮ ਰੱਖਣ ਲਈ ਦੇਸ਼ ਭਰ 'ਚ ਡਿਜੀਟਲ ਅਤੇ ਸੋਸ਼ਲ ਮੀਡੀਆ ਨੂੰ ਨਿਯਮਤ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਇਹਨਾਂ ਪਲੈਟਫਾਰਮਾਂ ’ਤੇ ਜੱਜਾਂ ਉੱਤੇ ‘ਨਿੱਜੀ ਤੇ ਏਜੰਡੇ ਤਹਿਤ ਹਮਲੇ’ ਕਰਨ ਲਈ ‘ਲਛਮਣ ਰੇਖਾ’ ਦੀ ਉਲੰਘਣ ਦਾ ਵਰਤਾਰਾ ‘ਖ਼ਤਰਨਾਕ’ ਹੈ।
ਉਹਨਾਂ ਦਾ ਕਹਿਣਾ ਹੈ ਕਿ ‘‘ਭਾਰਤ, ਜਿਸ ਨੂੰ ਪ੍ਰੌੜ ਤੇ ਸੂਝਵਾਨ ਜਮਹੂਰੀਅਤ ਦੇ ਵਰਗ ਵਿਚ ਨਹੀਂ ਰੱਖ ਸਕਦੇ, ਵਿਚ ਅਕਸਰ ਸੋਸ਼ਲ ਤੇ ਡਿਜੀਟਲ ਮੀਡੀਆ ਨੂੰ ਖਾਲਸ ਕਾਨੂੰਨੀ ਤੇ ਸੰਵਿਧਾਨਕ ਮਸਲਿਆਂ ਦਾ ਸਿਆਸੀਕਰਨ ਕਰਨ ਦੇ ਕੰਮ ਲਾਇਆ ਜਾਂਦਾ ਹੈ।’’ ਉਹਨਾਂ ਨੇ ਸਪਸ਼ਟੀਕਰਨ ਲਈ ਅਯੁੱਧਿਆ ਜ਼ਮੀਨ ਵਿਵਾਦ ਕੇਸ ਦੀ ਮਿਸਾਲ ਦਿੱਤੀ। ਦੱਸ ਦੇਈਏ ਕਿ ਨੂਪੁਰ ਸ਼ਰਮਾ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਸੀ ਕਿ ਦੇਸ਼ ਭਰ ਵਿਚ ਉਸ ਵਿਰੁੱਧ ਦਰਜ ਸਾਰੀਆਂ ਐਫਆਈਆਰਜ਼ ਦਿੱਲੀ ਟ੍ਰਾਂਸਫਰ ਕੀਤੀਆਂ ਜਾਣ। ਉਸ ਨੇ ਆਪਣੀ ਪਟੀਸ਼ਨ 'ਚ ਆਪਣੀ ਜਾਨ ਨੂੰ ਖਤਰਾ ਵੀ ਦੱਸਿਆ ਸੀ।
ਇਸ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਜੱਜਾਂ ਨੇ ਨੂਪੁਰ ਸ਼ਰਮਾ 'ਤੇ ਸਖ਼ਤ ਟਿੱਪਣੀਆਂ ਕੀਤੀਆਂ। ਜੱਜਾਂ ਨੇ ਕਿਹਾ ਸੀ ਕਿ ਉਹਨਾਂ ਦੀ ਇਸ ਵਿਵਾਦਿਤ ਟਿੱਪਣੀ ਤੋਂ ਬਾਅਦ ਦੇਸ਼ 'ਚ ਅੱਜ ਜੋ ਵੀ ਹੋ ਰਿਹਾ ਹੈ, ਉਸ ਲਈ ਉਹ ਇਕੱਲੇ ਹੀ ਜ਼ਿੰਮੇਵਾਰ ਹਨ। ਉਹਨਾਂ ਦੇ ਬਿਆਨ ਨੂੰ ਜੱਜਾਂ ਨੇ ਉਦੈਪੁਰ ਕਾਂਡ ਲਈ ਵੀ ਜ਼ਿੰਮੇਵਾਰ ਠਹਿਰਾਇਆ ਸੀ।