
ਬਚਾਅ ਮੁਹਿੰਮ ਚਲਾ ਕੇ ਅੱਗ ਬੁਝਾਉਣ ਤੋਂ ਬਾਅਦ ਲਾਸ਼ਾਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਝਾਂਸੀ - ਉੱਤਰ ਪ੍ਰਦੇਸ਼ ਦੇ ਝਾਂਸੀ ਵਿਚ ਅੱਗ ਲੱਗਣ ਕਾਰਨ ਇੱਕ ਔਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਮਹਿਲਾ ਜੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਤਿੰਨ ਲੋਕ ਜ਼ਿੰਦਾ ਸੜ ਗਏ। ਪੁਲਿਸ, ਫਾਇਰ ਬ੍ਰਿਗੇਡ ਅਤੇ ਫੌਜ ਦੀ ਸਾਂਝੀ ਟੀਮ ਨੇ ਕਰੀਬ 10 ਘੰਟੇ ਤੱਕ ਬਚਾਅ ਮੁਹਿੰਮ ਚਲਾਈ। ਬਚਾਅ ਮੁਹਿੰਮ ਚਲਾ ਕੇ ਅੱਗ ਬੁਝਾਉਣ ਤੋਂ ਬਾਅਦ ਲਾਸ਼ਾਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਇਸ ਦੇ ਨਾਲ ਹੀ ਝਾਂਸੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਹ ਪਤਾ ਲਗਾਉਣ ਲਈ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ ਕਿ ਅੱਗ ਕਿਵੇਂ ਲੱਗੀ। ਦਰਅਸਲ ਸੋਮਵਾਰ ਸ਼ਾਮ ਕਰੀਬ 4 ਵਜੇ ਝਾਂਸੀ ਦੇ ਸਿਪਰੀ ਬਾਜ਼ਾਰ ਥਾਣਾ ਖੇਤਰ ਦੇ ਰਾਮਬੁਕ ਡਿਪੂ ਚੌਰਾਹੇ ਤੋਂ ਕੁਝ ਕਦਮ ਦੂਰ ਸਭ ਤੋਂ ਵਿਅਸਤ ਬਾਜ਼ਾਰ 'ਚ ਸਥਿਤ ਇਲੈਕਟ੍ਰਾਨਿਕ ਸ਼ੋਅਰੂਮ ਬੀਆਰ ਟਰੇਡਰਜ਼ ਅਤੇ ਵੈਲਿਊ ਪਲੱਸ ਐਂਡ ਸਪੋਰਟ ਦੀਆਂ ਦੁਕਾਨਾਂ 'ਚ ਭਿਆਨਕ ਅੱਗ ਲੱਗ ਗਈ।
ਅੱਗ ਬੁਝਾਉਣ ਲਈ ਝਾਂਸੀ ਹੀ ਨਹੀਂ, ਲਲਿਤਪੁਰ, ਦਤੀਆ, ਜਾਲੌਨ ਸਮੇਤ ਆਸ-ਪਾਸ ਦੇ ਇਲਾਕਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ। ਇਸ ਤੋਂ ਇਲਾਵਾ ਆਰਮੀ ਅਤੇ ਭੇਲ ਅਤੇ ਪਰੀਚਾ ਥਰਮਲ ਪਾਵਰ ਹਾਊਸ ਦੀਆਂ ਗੱਡੀਆਂ ਵੀ ਮੰਗਵਾਈਆਂ ਗਈਆਂ। ਕਰੀਬ 50 ਤੋਂ 60 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਕਰੀਬ 10 ਘੰਟਿਆਂ 'ਚ ਅੱਗ 'ਤੇ ਕਾਬੂ ਪਾਇਆ ਗਿਆ। ਇਸ ਤੋਂ ਬਾਅਦ ਤਿੰਨ ਮੰਜ਼ਿਲਾ ਸ਼ੋਅਰੂਮ ਵਿਚ ਬਚਾਅ ਮੁਹਿੰਮ ਚਲਾ ਕੇ ਤਿੰਨ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ, ਜੋ ਜ਼ਿੰਦਾ ਸੜ ਗਈਆਂ ਸਨ।
ਇਸ ਤੋਂ ਇਲਾਵਾ ਯੂਨਾਈਟਿਡ ਇੰਸ਼ੋਰੈਂਸ ਕੰਪਨੀ ਦੀ ਸਹਾਇਕ ਮਹਿਲਾ ਮੈਨੇਜਰ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਝਾਂਸੀ ਰਵਿੰਦਰ ਕੁਮਾਰ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਇਸ ਅੱਗ ਦੀ ਲਪੇਟ ਵਿਚ ਆਉਣ ਕਾਰਨ ਕਰੋੜਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।
ਐਸਐਸਪੀ ਰਾਜੇਸ਼ ਐਸ ਨੇ ਦੱਸਿਆ ਕਿ ਝਾਂਸੀ ਜ਼ਿਲ੍ਹੇ ਦੇ ਸਿਪਰੀ ਬਾਜ਼ਾਰ ਥਾਣਾ ਖੇਤਰ ਦੇ ਬਾਜ਼ਾਰ ਵਿਚ ਇਲੈਕਟ੍ਰੋਨਿਕਸ ਦੀ ਦੁਕਾਨ ਵਿਚ ਅੱਗ ਲੱਗ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਅਤੇ ਹੋਰ ਪ੍ਰਸ਼ਾਸਨ ਦੀ ਟੀਮ ਨਾਲ ਮਿਲ ਕੇ ਬਚਾਅ ਕਾਰਜ ਕੀਤਾ। ਸ਼ੁਰੂਆਤ 'ਚ ਉਹਨਾਂ ਨੇ 7 ਲੋਕਾਂ ਨੂੰ ਬਚਾਇਆ ਸੀ। ਇਨ੍ਹਾਂ ਵਿਚ ਇਕ ਔਰਤ ਵੀ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਹੁਣ ਦੋ ਇਮਾਰਤਾਂ ਤੋਂ ਤਿੰਨ ਲਾਸ਼ਾਂ ਕੱਢੀਆਂ ਗਈਆਂ ਹਨ। ਇਸ ਤੋਂ ਬਾਅਦ ਪਛਾਣ ਦੀ ਪ੍ਰਕਿਰਿਆ ਕੀਤੀ ਜਾਵੇਗੀ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।