
ਰਾਮ ਮੰਦਰ ਟਰੱਸਟ ਦੇ ਅਧਿਕਾਰੀਆਂ ਮੁਤਾਬਕ ਰਾਮਲਲਾ ਦੇ ਮੰਦਰ ਦੇ ਪੁਜਾਰੀਆਂ ਦੀ ਡਰੈੱਸ 'ਚ ਬਦਲਾਅ ਕੀਤਾ ਗਿਆ
Ayodhya Ram Mandir : ਅਯੁੱਧਿਆ ਦੇ ਰਾਮ ਮੰਦਰ ਦੇ ਪ੍ਰਬੰਧਾਂ 'ਚ ਬਦਲਾਅ ਕੀਤਾ ਗਿਆ ਹੈ। ਹੁਣ ਮੰਦਰ ਦੇ ਪੁਜਾਰੀਆਂ ਦੀ ਡਰੈੱਸ ਬਦਲ ਗਈ ਹੈ। ਪੁਜਾਰੀਆਂ ਦੀ ਡਰੈੱਸ ਹੁਣ ਭਗਵੇ ਤੋਂ ਪੀਲੀ ਹੋ ਗਈ ਹੈ। ਇਸ ਤੋਂ ਇਲਾਵਾ ਮੰਦਰ 'ਚ ਮੋਬਾਈਲ ਫ਼ੋਨ ਲੈ ਕੇ ਜਾਣ 'ਤੇ ਵੀ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਨਿਯਮ ਬਦਲੇ ਗਏ ਹਨ।
ਰਾਮ ਮੰਦਰ ਟਰੱਸਟ ਦੇ ਅਧਿਕਾਰੀਆਂ ਮੁਤਾਬਕ ਰਾਮਲਲਾ ਦੇ ਮੰਦਰ ਦੇ ਪੁਜਾਰੀਆਂ ਦੀ ਡਰੈੱਸ 'ਚ ਬਦਲਾਅ ਕੀਤਾ ਗਿਆ ਹੈ ਅਤੇ ਮੰਦਰ 'ਚ ਮੋਬਾਇਲ ਫੋਨ ਲੈ ਕੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਤੱਕ ਮੰਦਿਰ 'ਚ ਪੁਜਾਰੀ ਭਗਵੇਂ ਕੱਪੜਿਆਂ ਵਿੱਚ ਨਜ਼ਰ ਆਉਂਦੇ ਸਨ। ਉਹ ਭਗਵੀਂ ਪੱਗ, ਭਗਵਾ ਕੁੜਤਾ ਅਤੇ ਧੋਤੀ ਪਹਿਨਦੇ ਸੀ ਪਰ ਹੁਣ ਪੁਜਾਰੀਆਂ ਨੇ ਉਸੇ ਰੰਗ ਦੇ ਕੁੜਤੇ ਅਤੇ ਦਸਤਾਰ ਦੇ ਨਾਲ ਪੀਲੀ ਧੋਤੀ ਪਹਿਨਣੀ ਸ਼ੁਰੂ ਕਰ ਦਿੱਤੀ ਹੈ।
ਮੰਦਰ ਦੇ ਅਧਿਕਾਰੀਆਂ ਮੁਤਾਬਕ ਨਵਾਂ ਡਰੈੱਸ ਕੋਡ 1 ਜੁਲਾਈ ਤੋਂ ਲਾਗੂ ਹੋ ਗਿਆ ਹੈ। ਨਵੇਂ ਪੁਜਾਰੀਆਂ ਨੂੰ ਪੀਲੀ ਪੱਗ ਬੰਨ੍ਹਣ ਦੀ ਸਿਖਲਾਈ ਦਿੱਤੀ ਗਈ ਹੈ। 'ਚੌਬੰਦੀ' ਕੁੜਤੇ ਵਿੱਚ ਬਟਨ ਨਹੀਂ ਹੁੰਦੇ ਹਨ ਅਤੇ ਇਸ ਨੂੰ ਬੰਨ੍ਹਣ ਲਈ ਧਾਗੇ ਦਾ ਇਸਤੇਮਾਲ ਹੁੰਦਾ ਹੈ।
ਪਤਾ ਲੱਗਾ ਹੈ ਕਿ ਰਾਮ ਮੰਦਰ ਵਿੱਚ ਇੱਕ ਮੁੱਖ ਪੁਜਾਰੀ ਨਾਲ ਚਾਰ ਸਹਾਇਕ ਪੁਜਾਰੀ ਵੀ ਹਨ। ਹਰੇਕ ਸਹਾਇਕ ਪੁਜਾਰੀ ਦੇ ਨਾਲ ਪੰਜ ਸਿਖਿਆਰਥੀ ਪੁਜਾਰੀ ਵੀ ਰੱਖੇ ਗਏ ਹਨ। ਇਨ੍ਹਾਂ ਪੁਜਾਰੀਆਂ ਦੀ ਹਰੇਕ ਟੀਮ ਸਵੇਰੇ 3.30 ਵਜੇ ਤੋਂ ਰਾਤ 11 ਵਜੇ ਤੱਕ ਪੰਜ ਘੰਟੇ ਦੀ ਸ਼ਿਫਟ ਵਿੱਚ ਸੇਵਾ ਕਰਦੀ ਹੈ। ਮੰਦਰ ਵਿੱਚ ਪੁਜਾਰੀਆਂ ਦੇ ਮੋਬਾਈਲ ਫ਼ੋਨ ਲੈ ਕੇ ਜਾਣ 'ਤੇ ਵੀ ਪਾਬੰਦੀ ਲਗਾਈ ਗਈ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਧਰਮ ਵਿੱਚ ਪੀਲੇ ਰੰਗ ਦਾ ਵਿਸ਼ੇਸ਼ ਮਹੱਤਵ ਹੈ। ਸ਼ੁਭ ਕੰਮਾਂ ਵਿੱਚ ਪੀਲੇ ਅਤੇ ਭਗਵੇਂ ਰੰਗ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ 'ਚ ਹੁਣ ਰਾਮ ਮੰਦਰ ਦੇ ਪੁਜਾਰੀ ਵੀ ਪੀਲੇ ਕੱਪੜਿਆਂ 'ਚ ਨਜ਼ਰ ਆਉਣਗੇ। ਇਸ ਨਵੇਂ ਡਰੈੱਸ ਕੋਡ ਲਈ ਪੁਜਾਰੀਆਂ ਨੂੰ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਹੈ।