
ਪ੍ਰਧਾਨ ਮੰਤਰੀ ਨੂੰ ਸਮਾਗਮ ਰੱਦ ਕਰਨ ਦੀ ਮੁੜ ਅਪੀਲ
ਭੋਪਾਲ, 3 ਅਗੱਸਤ : ਕਾਂਗਰਸ ਆਗੂ ਦਿਗਵਿਜੇ ਸਿੰਘ ਨੇ ਅਯੋਧਿਆ ਵਿਚ ਭਗਵਾਨ ਰਾਮ ਦੇ ਮੰਦਰ ਦੇ ਨੀਂਹ ਪੱਥਰ ਲਈ ਐਲਾਨੀ ਗਈ ਪੰਜ ਅਗੱਸਤ ਦੀ ਤਰੀਕ ਨੂੰ ਅਸ਼ੁੱਭ ਮਹੂਰਤ ਦਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਰ ਅਪੀਲ ਕੀਤੀ ਕਿ ਉਹ ਇਸ ਸਮਾਗਮ ਨੂੰ ਰੱਦ ਕਰ ਦੇਣ। ਉਨ੍ਹਾਂ ਕਿਹਾ ਕਿ ਸਨਾਤਨ ਹਿੰਦੂ ਧਰਮ ਦੀਆਂ ਰਵਾਇਤਾਂ ਨੂੰ ਨਜ਼ਰਅੰਦਾਜ਼ ਕਰਨ ਦਾ ਨਤੀਜਾ ਹੈ ਕਿ ਰਾਮ ਮੰਦਰ ਦੇ ਪੁਜਾਰੀ ਅਤੇ ਭਾਜਪਾ ਆਗੂਆਂ ਨੂੰ ਕੋਰੋਨਾ ਵਾਇਰਸ ਹੋ ਰਿਹਾ ਹੈ ਅਤੇ ਯੂਪੀ ਦੇ ਇਕ ਮੰਤਰੀ ਦੀ ਐਤਵਾਰ ਨੂੰ ਮੌਤ ਵੀ ਹੋ ਗਈ। ਦਿਗਵਿਜੇ ਨੇ ਟਵਿਟਰ 'ਤੇ ਕਿਹਾ, 'ਪੰਜ ਅਗੱਸਤ ਨੂੰ ਭਗਵਾਨ ਰਾਮ ਦੇ ਮੰਦਰ ਦੇ ਨੀਂਹ ਪੱਥਰ ਦੇ ਅਸ਼ੁੱਭ ਮਹੂਰਤ ਬਾਰੇ ਮੈਂ ਵਿਸਥਾਰ ਨਾਲ ਸਵਾਮੀ ਸਵਰੂਪਾਨੰਦ ਜੀ ਮਹਾਰਾਜ ਨੂੰ ਸੁਚੇਤ ਕੀਤਾ ਸੀ। ਮੋਦੀ ਜੀ ਦੀ ਸਹੂਲਤ ਲਈ ਇਹ ਮਹੂਰਤ ਕਢਿਆ ਗਿਆ ਹੈ ਯਾਨੀ ਮੋਦੀ ਜੀ ਹਿੰਦੂ ਧਰਮ ਦੀਆਂ ਹਜ਼ਾਰਾਂ ਸਾਲਾਂ ਤੋਂ ਸਥਾਪਤ ਮਾਨਤਾਵਾਂ ਤੋਂ ਵੱਡੇ ਹਨ।
Digvijay Singh
ਕੀ ਇਹੋ ਹਿੰਦੂਤਵ ਹੈ? ਉਨ੍ਹਾਂ ਅੱਗੇ ਲਿਖਿਆ, 'ਸਨਾਤਨ ਹਿੰਦੂ ਧਰਮ ਦੀਆਂ ਮਾਨਤਾਵਾਂ ਨੂੰ ਨਜ਼ਰਅੰਦਾਜ਼ ਕਰਨ ਦਾ ਨਤੀਜਾ ਹੈ ਕਿ ਕਈ ਭਾਜਪਾ ਆਗੂਆਂ ਨੂੰ ਬੀਮਾਰੀ ਲੱਗ ਰਹੀ ਹੈ। ਰਾਮ ਮੰਦਰ ਦੇ ਪੁਜਾਰੀ ਵੀ ਬੀਮਾਰੀ ਦੀ ਲਪੇਟ ਵਿਚ ਆ ਗਏ ਹਨ। ਅਮਿਤ ਸ਼ਾਹ ਹਸਪਤਾਲ ਵਿਚ ਦਾਖ਼ਲ ਹਨ। ਹੋਰ ਵੀ ਕਈ ਆਗੂ ਬੀਮਾਰੀ ਦੀ ਲਪੇਟ ਵਿਚ ਹਨ।' ਦਿਗਵਿਜੇ ਨੇ ਕਿਹਾ, 'ਮੋਦੀ ਜੀ ਤੁਸੀਂ ਅਸ਼ੁੱਭ ਮਹੂਰਤ ਵਿਚ ਭਗਵਾਨ ਰਾਮ ਮੰਦਰ ਦਾ ਨੀਂਹ ਪੱਥਰ ਰੱਖ ਕੇ ਹੋਰ ਕਿੰਨੇ ਲੋਕਾਂ ਨੂੰ ਹਸਪਤਾਲ ਪਹੁੰਚਾਣਾ ਚਾਹੁੰਦੇ ਹੋ? ਯੋਗੀ ਜੀ ਤੁਸੀਂ ਹੀ ਮੋਦੀ ਜੀ ਨੂੰ ਸਮਝਾਉ।' ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਮੁੜ ਅਪੀਲ ਕਰਦੇ ਹਨ ਕਿ ਪੰਜ ਅਗੱਸਤ ਦੇ ਅਸ਼ੁੱਭ ਮਹੂਰਤ ਨੂੰ ਟਾਲ ਦਿਤਾ ਜਾਵੇ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਅਤੇ ਅਯੋਧਿਆ ਕਰੋੜਾਂ ਹਿੰਦੂਆਂ ਦੀ ਸ਼ਰਧਾ ਦੇ ਕੇਂਦਰ ਹੈ ਅਤੇ ਹਜ਼ਾਰਾਂ ਸਾਲਾਂ ਦੀਆਂ ਰਵਾਇਤਾਂ ਨਾਲ ਖਿਲਵਾੜ ਨਾ ਕਰੋ।