
ਅੰਮ੍ਰਿਤਸਰ ਕੋਰਟ ’ਚ ਪੇਸ਼ ਕਰ ਕੇ ਕੀਤਾ ਜਾਵੇਗਾ ਰਿਮਾਂਡ ਹਾਸਲ
ਅੰਮ੍ਰਿਤਸਰ: ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਪੰਜਾਬ ਪੁਲਿਸ ਦੀ ਮੁਹਿੰਮ ਨੂੰ ਇੱਕ ਹੋਰ ਕਾਮਯਾਬੀ ਮਿਲੀ ਹੈ। ਮੱਧ ਪ੍ਰਦੇਸ਼ ਦੇ ਖਰਗੋਨ ਤੋਂ ਹਥਿਆਰਾਂ ਦੇ ਦੋ ਤਸਕਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਸੀ.ਆਈ. ਅੰਮ੍ਰਿਤਸਰ ਦੀ ਟੀਮ ਨੇ ਬੁਰਹਾਨਪੁਰ ਦੇ ਰਹਿਣ ਵਾਲੇ ਇੱਕ ਗੈਰ-ਕਾਨੂੰਨੀ ਹਥਿਆਰਾਂ ਦੇ ਵਪਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੋਨੂੰ ਦੇ ਪਿਤਾ ਪ੍ਰਤਾਪ ਸਿੰਘ ਸਿਕਲੀਗਰ ਵਾਸੀ ਸਿਗਨੂਰ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿਚ ਕਾਰਵਾਈ ਕਰਦਿਆਂ ਕੇਸ਼ਵ ਸਿੰਘ ਵਾਸੀ ਰੇਤਵਾ ਕੋਲੋਂ 25 ਅਤੇ ਕੈਲਾਸ਼ ਮੱਲ ਕੋਲੋਂ 30 ਦੇਸੀ ਪਿਸਤੌਲਾਂ ਬਰਾਮਦ ਕੀਤੀਆਂ ਸਨ। ਅਗਲੇਰੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਸੋਨੂੰ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 8 ਨਜਾਇਜ਼ ਪਿਸਤੌਲਾਂ ਵੀ ਬਰਾਮਦ ਕੀਤੀਆਂ ਸਨ।
ਫ਼ਿਲਹਾਲ ਅੰਮ੍ਰਿਤਸਰ ਪੁਲਿਸ ਵਲੋਂ ਤਿੰਨੋਂ ਦੋਸ਼ੀਆਂ ਨੂੰ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਪੰਜਾਬ ਪੁਲਿਸ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਹਥਿਆਰਾਂ ਦੀ ਸਪਲਾਈ ਬਹੁਤ ਜ਼ਿਆਦਾ ਹੋਣ ਲੱਗੀ ਹੈ। ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਮੱਧ ਪ੍ਰਦੇਸ਼ ਤੋਂ ਫੜੇ ਗਏ ਤਿੰਨੋਂ ਮੁਲਜ਼ਮ ਪੰਜਾਬ ਵਿਚ ਹੀ ਹਥਿਆਰ ਸਪਲਾਈ ਕਰਦੇ ਸਨ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ 'ਚ ਕੀਤੀ ਜਾਣੀ ਸੀ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਸੀ ਕਿ 2 ਮਹੀਨੇ ਪਹਿਲਾਂ ਅੰਮ੍ਰਿਤਸਰ ਪੁਲਿਸ ਨੇ ਜੈ ਸ਼ਰਮਾ ਅਤੇ ਦੀਪਕ ਪ੍ਰਤਾਪ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਕੋਲੋਂ 4 ਪਿਸਤੌਲਾਂ ਬਰਾਮਦ ਹੋਈਆਂ ਸਨ। ਦੀਪਕ ਅਤੇ ਜੈ ਨੇ ਇਹ ਪਿਸਤੌਲਾਂ ਖਰਗੋਨ ਤੋਂ ਫੜੇ ਗਏ ਮੁਲਜ਼ਮਾਂ ਤੋਂ ਖਰੀਦੀਆਂ ਸਨ।