
ਭਾਜਪਾ ਤੇ ਆਰਐੱਸਐੱਸ ਦੇ ਨੇਤਾ ਜਾਣਬੁੱਝ ਕੇ ਦੇਸ਼ ਦਾ ਮਾਹੌਲ ਖ਼ਰਾਬ ਕਰ ਰਹੇ ਹਨ
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਤੇ ਆਰਐੱਸਐੱਸ ’ਤੇ ਨਿਸ਼ਾਨਾ ਸਾਧਦੇ ਕਿਹਾ ਕਿ ਇਹ ਦੋਨੋਂ ਸੰਗਠਨ ਦੇਸ਼ ’ਚ ਜਾਣਬੁੱਝ ਕੇ ਡਰ ਤੇ ਨਫ਼ਰਤ ਦਾ ਮਾਹੌਲ ਪੈਦਾ ਕਰ ਰਹੇ ਹਨ।
ਉਨ੍ਹਾਂ ਨੇ ਕਾਂਗਰਸ ਦੀ ‘ਮਹਿੰਗਾਈ ਹੱਲਾ ਬੋਲ ਰੈਲੀ’ ਵਿਚ ਇਹ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਦੇ ਭਵਿੱਖ ਦਾ ਡਰ, ਮਹਿੰਗਾਈ ਦਾ ਡਰ ਅਤੇ ਬੇਰੁਜ਼ਗਾਰੀ ਦਾ ਡਰ ਵੱਧਦਾ ਜਾ ਰਿਹਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੀ ਹਾਲਤ ਲੋਕਾਂ ਨੂੰ ਦਿਖਾਈ ਦੇ ਰਹੀ ਹੈ ਜਦੋਂ ਤੋਂ ਭਾਜਪਾ ਸਰਕਾਰ ਆਈ ਹੈ ਉਦੋਂ ਤੋਂ ਦੇਸ਼ ਵਿਚ ਨਫਰਤ ਵੱਧਦੀ ਜਾ ਰਹੀ ਹੈ।
ਉਨ੍ਹਾਂ ਅਨੁਸਾਰ ਜਿਸ ਨੂੰ ਡਰ ਹੁੰਦਾ ਹੈ ਉਸ ਦੇ ਦਿਲ ‘ਚ ਨਫ਼ਰਤ ਪੈਦਾ ਹੁੰਦੀ ਹੈ। ਜਿਸ ਨੂੰ ਡਰ ਨਹੀਂ ਹੁੰਦਾ ਉਸ ਦੇ ਦਿਲ ਵਿਚ ਨਫ਼ਰਤ ਪੈਦਾ ਨਹੀਂ ਹੁੰਦੀ
ਉਨ੍ਹਾਂ ਨੇ ਦਾਅਵਾ ਕੀਤਾ ਕਿ ਦੇਸ਼ ’ਚ ਭਵਿੱਖ ਦਾ ਡਰ, ਮਹਿੰਗਾਈ ਦਾ ਡਰ ਤੇ ਬੇਰੁਜ਼ਗਾਰੀ ਦਾ ਡਰ ਵੱਧਦਾ ਜਾ ਰਿਹਾ ਹੈ। ਇਸ ਕਰਕੇ ਨਫ਼ਰਤ ਵੱਧਦੀ ਜਾ ਰਹੀ ਹੈ ਤੇ ਦੇਸ਼ ਕਮਜੋਰ ਹੁੰਦਾ ਜਾ ਰਿਹਾ ਹੈ। ਭਾਜਪਾ ਤੇ ਆਰਐੱਸਐੱਸ ਦੇ ਨੇਤਾ ਦੇਸ਼ ਨੂੰ ਵੰਡਦੇ ਹਨ ਤੇ ਜਾਣਬੁੱਝ ਕੇ ਨਫ਼ਰਤ ਤੇ ਡਰ ਪੈਦਾ ਕਰਦੇ ਹਨ।
ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਇਸ ਡਰ ਤੇ ਨਫ਼ਰਤ ਦਾ ਫਾਇਦਾ ਕਿਸ ਨੂੰ ਮਿਲ ਰਿਹਾ ਹੈ? ਕੀ ਗ਼ਰੀਬ ਆਦਮੀ ਨੂੰ ਇਸ ਦਾ ਫਾਇਦਾ ਮਿਲ ਰਿਹਾ ਹੈ? ਪੂਰੇ ਦਾ ਪੂਰਾ ਫਾਇਦਾ ਹਿੰਦੁਸਤਾਨ ਦੇ ਦੋ ਉਦਯੋਗਪਤੀ ਚੁੱਕ ਰਹੇ ਹਨ। ਬਾਕੀ ਉਦਯੋਗਪਤੀਆਂ ਨੂੰ ਪੁੱਛ ਲਓ, ਉਹ ਵੀ ਦੱਸ ਦੇਣਗੇ ਕਿ ਸਿਰਫ਼ ਦੋ ਵਿਅਕਤੀਆਂ ਨੂੰ ਫਾਇਦਾ ਹੋਇਆ ਹੈ। ਸਾਰਾ ਕੁੱਝ ਉਨ੍ਹਾਂ ਦੋ ਵਿਅਕਤੀਆਂ ਦੇ ਹੱਥਾਂ ’ਚ ਜਾ ਰਿਹਾ ਹੈ।