
ਐਨਡੀਆਰਐਫ਼ ਨੇ ਹੁਣ ਤਕ ਲਗਭਗ 3000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ
ਨਵੀਂ ਦਿੱਲੀ: ਦਿੱਲੀ ਦੇ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਵੀਰਵਾਰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਦੇ ਵਿਚਕਾਰ 207.47 ਮੀਟਰ ’ਤੇ ਸਥਿਰ ਰਿਹਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਅਧਿਕਾਰੀਆਂ ਨੇ ਕਿਹਾ ਕਿ ਪਾਣੀ ਦਾ ਪੱਧਰ ਹੌਲੀ-ਹੌਲੀ ਘਟਣ ਦੀ ਉਮੀਦ ਹੈ, ਹਾਲਾਂਕਿ ਆਲੇ-ਦੁਆਲੇ ਦੇ ਖੇਤਰ ਅਤੇ ਰਾਹਤ ਕੈਂਪ ਅਜੇ ਵੀ ਹੜ੍ਹ ਦੇ ਪਾਣੀ ਕਾਰਨ ਡੁੱਬੇ ਹੋਏ ਹਨ। ਸਵੇਰੇ 11 ਵਜੇ ਪਾਣੀ ਦਾ ਪੱਧਰ 207.46 ਮੀਟਰ ਸੀ। ਅਧਿਕਾਰਤ ਅੰਕੜਿਆਂ ਅਨੁਸਾਰ, ਸਵੇਰੇ 6 ਵਜੇ ਤੋਂ 7 ਵਜੇ ਦੇ ਵਿਚਕਾਰ ਪਾਣੀ ਦਾ ਪੱਧਰ 207.48 ਮੀਟਰ ’ਤੇ ਸਥਿਰ ਰਿਹਾ। ਦਿੱਲੀ ਸਕੱਤਰੇਤ ਦੇ ਨੇੜੇ ਹੜ੍ਹ ਦਾ ਪਾਣੀ ਪਹੁੰਚ ਗਿਆ, ਜਿੱਥੇ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਮੁੱਖ ਨੌਕਰਸ਼ਾਹਾਂ ਦੇ ਦਫ਼ਤਰ ਸਥਿਤ ਹਨ। ਵਾਸੂਦੇਵ ਘਾਟ ਦੇ ਆਲੇ-ਦੁਆਲੇ ਦੇ ਖੇਤਰ ਵੀ ਪਾਣੀ ਵਿਚ ਡੁੱਬ ਗਏ ਹਨ। ਮਯੂਰ ਵਿਹਾਰ ਫੇਜ਼ ਵਨ ਵਰਗੇ ਕੁਝ ਨੀਵੇਂ ਖੇਤਰ ਵੀ ਪਾਣੀ ਵਿਚ ਡੁੱਬ ਗਏ ਹਨ, ਇੱਥੋਂ ਤਕ ਕਿ ਉੱਥੇ ਬਣਾਏ ਗਏ ਰਾਹਤ ਕੈਂਪ ਵੀ ਪਾਣੀ ਵਿਚ ਡੁੱਬ ਗਏ ਹਨ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨਡੀਆਰਐਫ) ਦੇ ਕਰਮਚਾਰੀਆਂ ਨੇ ਇੱਥੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਫਸੇ ਲੋਕਾਂ ਨੂੰ ਕੁਝ ਇਲਾਕਿਆਂ ਵਿਚ ਕਿਸ਼ਤੀਆਂ ਦੀ ਮਦਦ ਨਾਲ ਅਤੇ ਕੁਝ ਇਲਾਕਿਆਂ ਵਿਚ ਗੋਡੇ-ਗੋਡੇ ਪਾਣੀ ਵਿਚੋਂ ਲੰਘ ਕੇ ਬਚਾਇਆ। ਇਨ੍ਹਾਂ ਵਿਚ ਯਮੁਨਾ ਦੇ ਪਾਣੀ ਦੇ ਪੱਧਰ ਦੇ ਵਧਣ ਕਾਰਨ ਹੜ੍ਹ ਪ੍ਰਭਾਵਤ ਰਾਹਤ ਕੈਂਪਾਂ ਵਿੱਚ ਫਸੇ ਲੋਕ ਵੀ ਸ਼ਾਮਲ ਸਨ। ਯਮੁਨਾ ਬਾਜ਼ਾਰ ਅਤੇ ਮਯੂਰ ਵਿਹਾਰ ਫੇਜ਼ 1 ਦੇ ਕੁਝ ਇਲਾਕਿਆਂ ਦੇ ਲੋਕਾਂ ਨੂੰ ਦੋਹਰੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਨ੍ਹਾਂ ਨੂੰ ਹੜ੍ਹ ਕਾਰਨ ਅਪਣੇ ਘਰ ਛੱਡਣੇ ਪਏ ਅਤੇ ਫਿਰ ਉਨ੍ਹਾਂ ਦੇ ਤੰਬੂ ਡੁੱਬ ਜਾਣ ਤੋਂ ਬਾਅਦ ਸਰਕਾਰੀ ਸਕੂਲਾਂ ਵਿਚ ਪਨਾਹ ਲੈਣੀ ਪਈ। ਇਲਾਕੇ ਤੋਂ ਮਿਲੇ ਦ੍ਰਿਸ਼ਾਂ ਵਿਚ ਐਨਡੀਆਰਐਫ਼ ਦੇ ਕਰਮਚਾਰੀ ਯਮੁਨਾ ਦੇ ਪਾਣੀ ਵਿਚੋਂ ਲੰਘਦੇ ਹੋਏ, ਫਸੇ ਲੋਕਾਂ ਅਤੇ ਇੱਥੋਂ ਤਕ ਕਿ ਪਸ਼ੂਆਂ ਨੂੰ ਟਰੈਕਟਰਾਂ ਅਤੇ ਟਰਾਲੀਆਂ ਦੀ ਮਦਦ ਨਾਲ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਂਦੇ ਹੋਏ ਦਿਖਾਈ ਦਿਤੇ।
ਅਧਿਕਾਰੀਆਂ ਨੇ ਦਸਿਆ ਕਿ ਐਨਡੀਆਰਐਫ ਨੇ ਮੰਗਲਵਾਰ ਤੋਂ ਹੁਣ ਤਕ ਲਗਭਗ 3000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ, ਜਿਨ੍ਹਾਂ ਵਿਚ ਬੱਚੇ, ਔਰਤਾਂ ਅਤੇ ਬਜ਼ੁਰਗ ਸ਼ਾਮਲ ਹਨ। ਮੱਠ ਬਾਜ਼ਾਰ ਅਤੇ ਯਮੁਨਾ ਬਾਜ਼ਾਰ ਵਰਗੇ ਇਲਾਕੇ ਅਜੇ ਵੀ ਪਾਣੀ ਵਿਚ ਡੁੱਬੇ ਹੋਏ ਹਨ। ਵਸਨੀਕ ਉਮੀਦ ਕਰ ਰਹੇ ਹਨ ਕਿ ਪਾਣੀ ਘੱਟ ਜਾਵੇਗਾ ਅਤੇ ਆਮ ਸਥਿਤੀ ਬਹਾਲ ਹੋ ਜਾਵੇਗੀ। ਹੜ੍ਹ ਦਾ ਪਾਣੀ ਕਸ਼ਮੀਰੀ ਗੇਟ ਦੇ ਨੇੜੇ ਸ਼੍ਰੀ ਮਾਰਗਟ ਵਾਲੇ ਹਨੂੰਮਾਨ ਬਾਬਾ ਮੰਦਰ ਤੱਕ ਵੀ ਪਹੁੰਚ ਗਿਆ ਹੈ। ਬੁਧਵਾਰ ਨੂੰ ਨਿਗਮਬੋਧ ਘਾਟ ਵਿਚ ਹੜ੍ਹ ਦਾ ਪਾਣੀ ਭਰ ਗਿਆ, ਜਿਸ ਨਾਲ ਅੰਤਮ ਸੰਸਕਾਰ ਰੁਕ ਗਿਆ। ਗੀਤਾ ਕਲੋਨੀ ਸ਼ਮਸ਼ਾਨਘਾਟ ਵੀ ਪਾਣੀ ਵਿੱਚ ਡੁੱਬ ਗਿਆ। ਦਿੱਲੀ ਵਾਸੀਆਂ ਲਈ ਇਹ ਦੋਹਰੀ ਮੁਸੀਬਤ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਪਾਣੀ ਭਰ ਗਿਆ ਹੈ ਜਿਸ ਕਾਰਨ ਆਵਾਜਾਈ ਜਾਮ ਹੋ ਗਈ ਹੈ ਜਦੋਂ ਕਿ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਖੇਤਰ ਵਿਚ ਪਾਣੀ ਭਰ ਗਿਆ ਹੈ। ਚਾਂਦਗੀ ਰਾਮ ਅਖਾੜਾ ਨੇੜੇ ਸਿਵਲ ਲਾਈਨਜ਼ ਵਿਚ ਭਾਰੀ ਪਾਣੀ ਭਰਿਆ ਹੋਇਆ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਜਦੋਂ ਵੀ ਮੀਂਹ ਪੈਂਦਾ ਹੈ, ਪਾਣੀ ਭਰ ਜਾਂਦਾ ਹੈ ਪਰ ਅਧਿਕਾਰੀਆਂ ਨੇ ਸਥਿਤੀ ਨੂੰ ਸੁਧਾਰਨ ਲਈ ਕੋਈ ਕਦਮ ਨਹੀਂ ਚੁੱਕੇ ਹਨ।