
ਇੱਕ ਲੱਖ ਰੁਪਏ ਦੀ ਜ਼ਮਾਨਤ ਰਾਸ਼ੀ 'ਤੇ ਮਿਲੀ ਜ਼ਮਾਨਤ
ਮਹਾਰਾਸ਼ਟਰ : ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁਖ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਇੱਕ ਲੱਖ ਰੁਪਏ ਦੀ ਜ਼ਮਾਨਤ 'ਤੇ ਜ਼ਮਾਨਤ ਦਿੱਤੀ ਗਈ ਹੈ। ਹਾਲਾਂਕਿ ਇਹ ਜ਼ਮਾਨਤ ਈਡੀ ਦੇ ਕੇਸ ਵਿੱਚ ਦਿੱਤੀ ਗਈ ਹੈ, ਇਸ ਲਈ ਹੁਣ ਸੀਬੀਆਈ ਦੇ ਮਾਮਲੇ ਵਿੱਚ ਉਸ ਨੂੰ ਫਿਲਹਾਲ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ।
ਦੱਸ ਦੇਈਏ ਕਿ ਅਨਿਲ ਦੇਸ਼ਮੁਖ ਨੂੰ ਈਡੀ ਦੀ ਜਾਂਚ ਤੋਂ ਬਾਅਦ ਨਵੰਬਰ 2021 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਨਿਆਂਇਕ ਹਿਰਾਸਤ ਵਿੱਚ ਹਨ। ਈਡੀ ਨੇ ਅਨਿਲ ਦੇਸ਼ਮੁਖ 'ਤੇ ਫਿਰੌਤੀ ਦਾ ਦੋਸ਼ ਲਗਾਉਂਦੇ ਹੋਏ ਕੇਸ ਦਰਜ ਕੀਤਾ ਸੀ। ਈਡੀ ਮੁਤਾਬਕ ਅਨਿਲ ਦੇਸ਼ਮੁਖ ਨੇ ਮੁੰਬਈ ਦੇ ਵੱਖ-ਵੱਖ ਬਾਰਾਂ ਅਤੇ ਰੈਸਟੋਰੈਂਟਾਂ ਤੋਂ ਕਰੀਬ 4.7 ਕਰੋੜ ਰੁਪਏ ਇਕੱਠੇ ਕੀਤੇ। ਇਸ ਦੇ ਨਾਲ ਹੀ ਦੋਸ਼ ਹੈ ਕਿ ਅਨਿਲ ਦੇਸ਼ਮੁਖ ਨੇ ਆਪਣੇ ਪਰਿਵਾਰ ਦੁਆਰਾ ਨਿਯੰਤਰਿਤ ਵਿਦਿਅਕ ਟਰੱਸਟ ਨਾਗਪੁਰ ਦੇ ਸ਼੍ਰੀ ਸਾਈਂ ਐਜੂਕੇਸ਼ਨਲ ਇੰਸਟੀਚਿਊਟ ਨੂੰ ਗਲਤ ਤਰੀਕੇ ਨਾਲ ਕਮਾਇਆ ਪੈਸਾ ਮੁਹੱਈਆ ਕਰਵਾਇਆ।
ਜ਼ਿਕਰਯੋਗ ਹੈ ਕਿ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਦੋਸ਼ ਲਗਾਇਆ ਸੀ ਕਿ ਅਨਿਲ ਦੇਸ਼ਮੁਖ ਜੋ ਉਸ ਸਮੇਂ ਸੂਬੇ ਦੇ ਗ੍ਰਹਿ ਮੰਤਰੀ ਸਨ, ਨੇ ਪੁਲਿਸ ਅਧਿਕਾਰੀਆਂ ਨੂੰ ਸ਼ਹਿਰ ਦੇ ਰੈਸਟੋਰੈਂਟਾਂ ਅਤੇ ਬਾਰ ਤੋਂ 100 ਕਰੋੜ ਰੁਪਏ ਪ੍ਰਤੀ ਮਹੀਨਾ ਲੈਣ ਦਾ ਟੀਚਾ ਦਿਤਾ ਸੀ। ਦੇਸ਼ਮੁਖ ਨੇ ਦੋਸ਼ਾਂ ਤੋਂ ਇਨਕਾਰ ਕੀਤਾ, ਪਰ ਬੰਬੇ ਹਾਈ ਕੋਰਟ ਵੱਲੋਂ ਸੀਬੀਆਈ ਨੂੰ ਉਸ ਵਿਰੁੱਧ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।