
ਪੀਐਮ ਮੋਦੀ ਨੇ ਵਿੱਤੀ ਸਹਾਇਤਾ ਦਾ ਕੀਤਾ ਐਲਾਨ
ਬੈਤੂਲ : ਮੱਧ ਪ੍ਰਦੇਸ਼ ਦੇ ਬੈਤੁਲ ਦੇ ਝੱਲਰ ਥਾਣਾ ਨੇੜੇ ਬੱਸ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਸ ਟੱਕਰ 'ਚ 11 ਲੋਕਾਂ ਦੀ ਮੌਤ ਹੋ ਗਈ ਹੈ। ਇਕ ਵਿਅਕਤੀ ਜ਼ਖਮੀ ਵੀ ਹੈ, ਜਿਸ ਦੇ ਇਲਾਜ ਲਈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੈਤੂਲ ਦੇ ਐਸਪੀ ਸ਼ਿਮਲਾ ਪ੍ਰਸਾਦ ਨੇ ਇਹ ਸਾਰੀ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਸ਼ੁੱਕਰਵਾਰ ਤੜਕੇ ਬੈਤੂਲ ਜ਼ਿਲੇ ਦੇ ਝੱਲਰ 'ਚ ਇਕ SUV ਦੇ ਇਕ ਖਾਲੀ ਬੱਸ ਨਾਲ ਟਕਰਾਉਣ 'ਚ ਦੋ ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਸੀ।
ਬੈਤੂਲ ਪੁਲਿਸ ਕੰਟਰੋਲ ਰੂਮ ਦੇ ਸਹਾਇਕ ਸਬ-ਇੰਸਪੈਕਟਰ ਸ਼ਿਵਰਾਜ ਸਿੰਘ ਠਾਕੁਰ ਨੇ ਦੱਸਿਆ ਕਿ ਇਹ ਹਾਦਸਾ ਜ਼ਿਲਾ ਹੈੱਡਕੁਆਰਟਰ ਤੋਂ ਕਰੀਬ 36 ਕਿਲੋਮੀਟਰ ਦੂਰ ਭੈਂਸਦੇਹੀ ਰੋਡ 'ਤੇ ਵਾਪਰਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਰਾਤ ਕਰੀਬ ਢਾਈ ਵਜੇ ਵਾਪਰੇ ਇਸ ਹਾਦਸੇ ਵਿੱਚ ਛੇ ਮਰਦ, ਤਿੰਨ ਔਰਤਾਂ, ਇੱਕ ਪੰਜ ਸਾਲਾ ਬੱਚੀ ਅਤੇ ਇੱਕ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਜ਼ਦੂਰ ਸਨ, ਜੋ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਇੱਥੇ ਆਪਣੇ ਘਰਾਂ ਨੂੰ ਪਰਤ ਰਹੇ ਸਨ। ਸਹਾਇਕ ਸਬ-ਇੰਸਪੈਕਟਰ ਨੇ ਦੱਸਿਆ ਕਿ ਹਾਦਸਾ ਇੰਨਾ ਗੰਭੀਰ ਸੀ ਕਿ ਕੁਝ ਪੀੜਤਾਂ ਦੀਆਂ ਲਾਸ਼ਾਂ ਨੂੰ ਗੈਸ ਕਟਰ ਦੀ ਮਦਦ ਨਾਲ ਨੁਕਸਾਨੀ ਗਈ ਐਸਯੂਵੀ ਵਿੱਚੋਂ ਕੱਢਣਾ ਪਿਆ।
ਪੀਐਮ ਮੋਦੀ ਨੇ ਬੈਤੂਲ ਵਿੱਚ ਵਾਪਰੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਇਹ ਸਾਰੀ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕੀਤੇ ਗਏ ਇੱਕ ਟਵੀਟ ਵਿੱਚ ਦਿੱਤੀ ਗਈ ਹੈ।