
ਉਸ ਨੇ ਆਪਣੀ ਮਾਂ ਚੰਪਾ (55), ਆਪਣੇ ਪੁੱਤਰ ਲਕਸ਼ਮਣ (14) ਅਤੇ ਦਿਨੇਸ਼ (8) ਦਾ ਵੀ ਕਤਲ ਕਰ ਦਿੱਤਾ।
ਜੋਧਪੁਰ - ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਵਿੱਚ ਇੱਕ 38 ਸਾਲਾ ਵਿਅਕਤੀ ਨੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਲੋਹਾਵਤ ਥਾਣਾ ਦੇ ਇੰਚਾਰਜ ਬਦਰੀ ਪ੍ਰਸਾਦ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ੰਕਰ ਲਾਲ ਨੇ ਆਪਣੇ ਪਿਤਾ ਸੋਨਾਰਾਮ (65) ਦਾ ਕੁਹਾੜੀ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਬਾਅਦ ਵਿੱਚ ਉਸ ਨੇ ਆਪਣੀ ਮਾਂ ਚੰਪਾ (55), ਆਪਣੇ ਪੁੱਤਰ ਲਕਸ਼ਮਣ (14) ਅਤੇ ਦਿਨੇਸ਼ (8) ਦਾ ਵੀ ਕਤਲ ਕਰ ਦਿੱਤਾ।
ਦੱਸਿਆ ਗਿਆ ਹੈ ਕਿ ਇਹਨਾਂ ਕਤਲਾਂ ਤੋਂ ਬਾਅਦ ਸ਼ੰਕਰ ਲਾਲ ਨੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਆਪਣੇ ਘਰ ਦੀ ਪਾਣੀ ਵਾਲੀ ਟੈਂਕੀ ਵਿੱਚ ਸੁੱਟ ਦਿੱਤੀਆਂ, ਅਤੇ ਨੇੜੇ ਰਹਿੰਦੇ ਆਪਣੇ ਰਿਸ਼ਤੇਦਾਰ ਦੇ ਘਰ ਚਲਾ ਗਿਆ, ਜਿੱਥੇ ਉਸ ਨੇ ਪਾਣੀ ਵਾਲੀ ਟੈਂਕੀ ਵਿੱਚ ਛਾਲ ਮਾਰ ਕੇ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ। ਥਾਣਾ ਇੰਚਾਰਜ ਨੇ ਦੱਸਿਆ ਕਿ ਪਿੰਡ ਪਿਵਾਲਾ ਦਾ ਰਹਿਣ ਵਾਲਾ ਸ਼ੰਕਰ ਲਾਲ ਅਫ਼ੀਮ ਦਾ ਨਸ਼ਾ ਕਰਦਾ ਸੀ।
ਪੁਲਿਸ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਸ਼ੀਲਾ ਪਦਾਰਥ ਦਿੱਤਾ ਸੀ, ਕਿਉਂਕਿ ਘਟਨਾ ਸਮੇਂ ਘਰ 'ਚ ਮੌਜੂਦ ਉਸ ਦੀ ਪਤਨੀ ਅਤੇ ਹੋਰ ਲੋਕਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਲੱਗਿਆ। ਪੁਲਿਸ ਨੇ ਪਾਣੀ ਦੀ ਟੈਂਕੀ ਤੋਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।