
ਭਾਜਪਾ ਨੇ ਸਖ਼ਤ ਕਦਮ ਚੁਕਣ ਦਾ ਭਰੋਸਾ ਦਿਤਾ, ਕਾਂਗਰਸ ਨੇ ਕਿਹਾ, ਭਾਰਤ ਸਰਕਾਰ ਇਸ ਵਿਸ਼ੇ ਨੂੰ ਕੈਨੇਡਾ ਸਰਕਾਰ ਸਾਹਮਣੇ ਮਜ਼ਬੂਤੀ ਨਾਲ ਚੁਕੇ
ਚੰਡੀਗੜ੍ਹ/ਨਵੀਂ ਦਿੱਲੀ : ਕੈਨੇਡਾ ਦੇ ਬਰੈਂਪਟਨ ’ਚ ਹਿੰਦੂ ਮੰਦਰ ’ਤੇ ਹੋਏ ਹਮਲੇ ਦੀ ਭਾਰਤ ’ਚ ਸਾਰੀਆਂ ਪਾਰਟੀਆਂ ਦੇ ਆਗੂਆਂ ਵਲੋਂ ਭਰਵੀਂ ਨਿੰਦਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਮੈਂ ਕੈਨੇਡਾ ’ਚ ਹਿੰਦੂ ਮੰਦਰ ’ਤੇ ਜਾਣਬੁੱਝ ਕੇ ਕੀਤੇ ਇਸ ਹਮਲੇ ਦਾ ਸਖ਼ਤ ਵਿਰੋਧ ਕਰਦਾ ਹਾਂ। ਸਾਡੇ ਸਫ਼ੀਰਾਂ ਨੂੰ ਧਮਕਾਉਣ ਦੀਆਂ ਕੋਸ਼ਿਸ਼ਾਂ ਵੀ ਓਨੀਆਂ ਹੀ ਨਿੰਦਣਯੋਗ ਹਨ। ਹਿੰਸਾ ਦੀਆਂ ਅਜਿਹੀਆਂ ਕਾਰਵਾਈਆਂ ਕਦੇ ਭਾਰਤ ਦੇ ਇਰਾਦਿਆਂ ਨੂੰ ਕਮਜ਼ੋਰ ਨਹੀਂ ਕਰ ਸਕਣਗੀਆਂ। ਸਾਨੂੰ ਉਮੀਦ ਹੈ ਕਿ ਕੈਨੇਡਾ ਸਰਕਾਰ ਨਿਆਂ ਦੇਵੇਗੀ।’’
ਜਦਕਿ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਹ ਕੈਨੇਡਾ ’ਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ‘ਬਹੁਤ ਚਿੰਤਤ’ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘‘ਅਸੀਂ ਕਲ ਬਰੈਂਪਟਨ, ਓਟਾਰੀਓ ’ਚ ਹਿੰਦੂ ਸਭਾ ਮੰਦਰ ’ਚ ਕੱਟੜਪੰਥੀਆਂ ਅਤੇ ਵੱਖਵਾਦੀਆਂ ਵਲੋਂ ਕੀਤੀ ਗਈ ਹਿੰਸਾ ਦੀ ਨਿੰਦਾ ਕਰਦੇ ਹਾਂ। ਅਸੀਂ ਕੈਨੇਡਾ ਸਰਕਾਰ ਨੂੰ ਇਹ ਯਕੀਨੀ ਕਰਨ ਦਾ ਸੱਦਾ ਦਿੰਦੇ ਹਾਂ ਕਿ ਸਾਰੀਆਂ ਪੂਜਾ ਦੀਆਂ ਥਾਵਾਂ ਨੂੰ ਅਜਿਹੇ ਹਮਲਿਆਂ ਤੋਂ ਬਚਾਇਆ ਜਾਵੇ।’’
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕਿਹਾ ਕਿ ਜਦੋਂ ਵੀ ਹਿੰਦੂਆਂ ’ਤੇ ਤਸ਼ੱਦਦ ਜਾਂ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਆਉਂਦੀ ਹੈ ਤਾਂ ਪਾਰਟੀ ਅਤੇ ਉਸ ਦੀ ਸਰਕਾਰ ਨੇ ਸਖ਼ਤ ਕਦਮ ਚੁਕੇ ਹਨ। ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਕਿਹਾ, ‘‘ਅਸੀਂ ਸਾਰਿਆਂ ਨੇ ਵੇਖਿਆ ਹੈ ਕਿ ਭਾਰਤ ਨੇ ਕੈਨੇਡਾ ਨੂੰ ਕਿੰਨਾ ਸਖ਼ਤ ਅਤੇ ਸਪਸ਼ਟ ਸੰਦੇਸ਼ ਦਿਤਾ ਹੈ। ਮੈਨੂੰ ਲਗਦਾ ਹੈ ਕਿ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਭਾਰਤ ਅਪਣਾ ਰੁਖ਼ ਬਹੁਤ ਮਜ਼ਬੂਤੀ ਨਾਲ ਰਖੇਗਾ ਅਤੇ ਜੋ ਵੀ ਕਦਮ ਜ਼ਰੂਰੀ ਹੋਵੇਗਾ ਉਹ ਚੁਕੇਗਾ।’’
ਦੂਜੇ ਪਾਸੇ ਵਿਸ਼ਵ ਹਿੰਦੂ ਪਰਿਸ਼ਦ (ਵੀ.ਐਚ.ਪੀ.) ਨੇ ਕੈਨੇਡਾ ’ਚ ਇਕ ਹਿੰਦੂ ਮੰਦਰ ’ਤੇ ਹੋਏ ਹਮਲੇ ਨੂੰ ਚਿੰਤਾ ਦਾ ਵਿਸ਼ਾ ਦਸਿਆ ਅਤੇ ਦੋਸ਼ ਲਾਇਆ ਕਿ ਕੈਨੇਡੇਆਈ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਦਾਨ ਕਰਨ ਲਈ ਭਾਰਤੀ ਕੌਂਸਲਖਾਨੇ ਦੀ ਅਪੀਲ ਨੂੰ ‘ਜਾਣਬੁਝ’ ਕੇ ਨਜ਼ਰਅੰਦਾਜ਼ ਕੀਤਾ। ਵੀ.ਐਚ.ਪੀ. ਦੇ ਕੌਮਾਂਤਰੀ ਪ੍ਰਧਾਨ ਆਲੋਕ ਕੁਮਾਰ ਨੇ ਕਿਹਾ, ‘‘ਕੈਨੇਡਾ ’ਚ ਹਿੰਦੂ ਮੰਦਰ ’ਤੇ ਖ਼ਾਲਿਸਤਾਨੀ ਹਮਾਇਤੀਆਂ ਵਲੋਂ ਕੀਤਾ ਹਮਲਾ ਬਹੁਤ ਨਿੰਦਣਯੋਗ ਹੈ। ਉਥੇ ਭਾਰਤੀ ਸਫ਼ਾਰਤਖ਼ਾਨੇ ਵਲੋਂ ਇਕ ਕੈਂਪ ਲਾਇਆ ਗਿਆ ਸੀ। ਸਫ਼ਾਰਤਖ਼ਾਨੇ ਨੇ ਇਸ ਦੀ ਅਗਾਊਂ ਸੂਚਨਾ ਤਿੰਨ ਦਿਨ ਪਹਿਲਾਂ ਕੈਨੇਡਾ ਦੀ ਸਰਕਾਰ ਨੂੰ ਦੇ ਦਿਤੀ ਸੀ ਅਤੇ ਉਚਿਤ ਸੁਰਖਿਆ ਦੀ ਅਪੀਲ ਵੀ ਕੀਤੀ ਸੀ ਪਰ ਇਸ ਨੂੰ ਨਜ਼ਰਅੰਦਾਜ਼ ਕਰ ਦਿਤਾ ਗਿਆ।’’ ਉਨ੍ਹਾਂ ਕਿਹਾ ਕਿ ਇਹ ਹਮਲੇ ਦੀ ਘਟਨਾ ਇਕਲੌਤੀ ਨਹੀਂ ਹੈ, ਇਸ ਤੋਂ ਪਹਿਲਾਂ ਵੀ ਗ੍ਰੇਟਰ ਟੋਰਾਂਟੋ, ਬ੍ਰਿਟਿਸ਼ ਕੋਲੰਬੀਆ ਅਤੇ ਬਰੈਂਪਟਨ ’ਚ ਹਿੰਦੂ ਮੰਦਰਾਂ ’ਤੇ ਹਮਲੇ ਹੋ ਚੁਕੇ ਹਨ।
ਕਾਂਗਰਸ ਪਾਰਟੀ ਨੇ ਵੀ ਇਸ ਹਮਲੇ ’ਤੇ ਚਿੰਤਾ ਪ੍ਰਗਟਾਈ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ੇ ਨੂੰ ਕੈਨੇਡਾ ਸਰਕਾਰ ਸਾਹਮਣੇ ਮਜ਼ਬੂਤੀ ਨਾਲ ਚੁਕਣ ਤਾਕਿ ਅੱਗੇ ਤੋਂ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਇਕ ਵੀਡੀਉ ਜਾਰੀ ਕਰ ਕੇ ਕਿਹਾ, ‘‘ਕੈਨੈਡਾ ਤੋਂ ਆਏ ਵੀਡੀਉ ਨੂੰ ਪੂਰਾ ਦੇਸ਼ ਵੇਖ ਰਿਹਾ ਹੈ ਅਤੇ ਪ੍ਰੇਸ਼ਾਨ ਹੈ ਕਿ ਕਿਸ ਤਰ੍ਹਾਂ ਸ਼ਰਧਾਲੂਆਂ ਨੂੰ ਮੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਬਾਹਰ ਖ਼ਾਲਿਸਤਾਨ ਹਮਾਇਤੀ ਲੋਕ ਨਾਅਰੇਬਾਜ਼ੀ ਕਰ ਰਹੇ ਹਨ, ਹਿੰਸਕ ਪ੍ਰਦਰਸ਼ਨ ਕਰ ਰਹੇ ਹਨ। ਕੈਨੇਡਾ ਦੀ ਪੁਲਿਸ ਉਲਟਾ ਸ਼ਰਧਾਲੂਆਂ ਵਿਰੁਧ ਕਾਰਵਾਈ ਕਰ ਰਹੀ ਹੈ।’’