ਦਲਿਤ ਉਮੀਦਵਾਰ ਦਾ ਕਾਰਜਕਾਲ ਸਿਰਫ ਪੰਜ ਮਹੀਨੇ ਰਹਿ ਜਾਵੇਗਾ
ਨਵੀਂ ਦਿੱਲੀ : ਦਿੱਲੀ ਨਗਰ ਨਿਗਮ (MCD) ’ਚ ਮੇਅਰ ਦੀ ਚੋਣ 14 ਨਵੰਬਰ ਨੂੰ ਹੋਵੇਗੀ। MCD ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਹਾਲਾਂਕਿ ਆਮ ਆਦਮੀ ਪਾਰਟੀ (ਆਪ) ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਸਿਆਸੀ ਰੇੜਕੇ ਕਾਰਨ ਸੱਤ ਮਹੀਨੇ ਦੀ ਦੇਰੀ ਕਾਰਨ ਦਲਿਤ ਉਮੀਦਵਾਰ ਦਾ ਕਾਰਜਕਾਲ ਸਿਰਫ ਪੰਜ ਮਹੀਨੇ ਰਹਿ ਜਾਵੇਗਾ।
ਦੇਰੀ ਕਾਰਨ ਵਿਰੋਧੀ ਕੌਂਸਲਰਾਂ ਵਲੋਂ MCD ਸਦਨ ’ਚ ਵਾਰ-ਵਾਰ ਵਿਰੋਧ ਪ੍ਰਦਰਸ਼ਨ ਅਤੇ ਰੇੜਕਾ ਪੈਦਾ ਹੋਇਆ। ਸੋਮਵਾਰ ਨੂੰ ਇਕ ਨੋਟਿਸ ’ਚ, MCD ਨੇ ਐਲਾਨ ਕੀਤਾ ਕਿ ਮੇਅਰ ਚੋਣਾਂ ਲਈ ਮੁਲਤਵੀ ਕੀਤੀ ਗਈ ਮੀਟਿੰਗ 14 ਨਵੰਬਰ ਨੂੰ ਦੁਪਹਿਰ 2 ਵਜੇ ਹੈੱਡਕੁਆਰਟਰ ਵਿਖੇ ਹੋਵੇਗੀ। ਮਈ, ਜੂਨ, ਜੁਲਾਈ, ਅਗੱਸਤ ਅਤੇ ਸਤੰਬਰ ਦੇ ਮਹੀਨਿਆਂ ਦੀਆਂ ਹੋਰ ਮੀਟਿੰਗਾਂ ਵੀ ਇਸੇ ਦਿਨ ਹੋਣਗੀਆਂ। ਸ਼ਹਿਰ ਦੇ ਸਕੱਤਰ ਦੇ ਦਫਤਰ ਤੋਂ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਇਹ ਮੀਟਿੰਗ ਮੇਅਰ ਦੇ ਆਦੇਸ਼ਾਂ ’ਤੇ ਕੀਤੀ ਜਾ ਰਹੀ ਹੈ।
ਮੇਅਰ ਦੀਆਂ ਚੋਣਾਂ ਅਪ੍ਰੈਲ ਤੋਂ ਲਟਕ ਰਹੀਆਂ ਹਨ। MCD ਦੇ ਨਿਯਮਾਂ ਅਨੁਸਾਰ ਮੇਅਰ ਦੀਆਂ ਚੋਣਾਂ ਹਰ ਸਾਲ ਅਪ੍ਰੈਲ ’ਚ ਹੁੰਦੀਆਂ ਹਨ, ਜਿਸ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ। ‘ਆਪ’ ਨੇ ਦੇਵ ਨਗਰ ਵਾਰਡ ਦੇ ਕੌਂਸਲਰ ਮਹੇਸ਼ ਖਿਚੀ ਨੂੰ ਮੇਅਰ ਅਤੇ ਅਮਨ ਵਿਹਾਰ ਦੇ ਕੌਂਸਲਰ ਰਵਿੰਦਰ ਭਾਰਦਵਾਜ ਨੂੰ ਡਿਪਟੀ ਮੇਅਰ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਸੀ।
ਭਾਜਪਾ ਨੇ ਮੇਅਰ ਦੇ ਅਹੁਦੇ ਲਈ ਸ਼ਕੁਰਪੁਰ ਦੇ ਕੌਂਸਲਰ ਕਿਸ਼ਨ ਲਾਲ ਨੂੰ ਮੈਦਾਨ ਵਿਚ ਉਤਾਰਿਆ ਹੈ, ਜਦਕਿ ਸਦਾਤਪੁਰ ਦੀ ਕੌਂਸਲਰ ਨੀਤਾ ਬਿਸ਼ਟ ਨੂੰ ਡਿਪਟੀ ਮੇਅਰ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ।