
ਕਈ ਥਾਵਾਂ ’ਤੇ ਬਿਜਲੀ ਠੱਪ, ਇੰਟਰਨੈੱਟ ਬੰਦ, ਰੇਲ ਗੱਡੀਆਂ ਅਤੇ ਹਵਾਈ ਸੇਵਾਵਾਂ ’ਤੇ ਵੀ ਬੁਰਾ ਅਸਰ ਪਿਆ
Cyclone Michaung : ਚੱਕਰਵਾਤੀ ਤੂਫਾਨ ‘ਮਿਗਜ਼ੋਮ’ ਦੇ ਅਸਰ ਕਾਰਨ ਸੋਮਵਾਰ ਨੂੰ ਚੇਨਈ ਅਤੇ ਇਸ ਨਾਲ ਲਗਦੇ ਜ਼ਿਲ੍ਹਿਆਂ ’ਚ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ। ਲਗਾਤਾਰ ਮੀਂਹ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਪਾਣੀ ਭਰ ਗਿਆ, ਜਿਸ ਨਾਲ 2015 ਵਰਗੇ ਹੜ੍ਹ ਦਾ ਖਦਸ਼ਾ ਪੈਦਾ ਹੋ ਗਿਆ। ਭਾਰੀ ਮੀਂਹ ਨਾਲ ਸਬੰਧਤ ਹਾਦਸਿਆਂ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ।
ਮੀਂਹ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਵਸਤਾਂ ਲਈ ਭੱਜਣਾ ਪੈ ਰਿਹਾ ਹੈ। ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ’ਚ ਬਿਜਲੀ ਬੰਦ ਹੋ ਗਈ ਅਤੇ ਇੰਟਰਨੈੱਟ ਸੇਵਾਵਾਂ ’ਚ ਵਿਘਨ ਪਿਆ। ਚੱਕਰਵਾਤੀ ਤੂਫਾਨ ‘ਮਿਗਜ਼ੋਮ’ ਦੇ ਮੰਗਲਵਾਰ ਸਵੇਰੇ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ। ਖਰਾਬ ਮੌਸਮ ਕਾਰਨ ਕਈ ਰੇਲ ਗੱਡੀਆਂ ਅਤੇ ਉਡਾਣਾਂ ਰੱਦ ਹੋਣ ਕਾਰਨ ਆਵਾਜਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ।
ਚੇਨਈ ਅਤੇ ਆਸ ਪਾਸ ਦੇ ਇਲਾਕਿਆਂ ਜਿਵੇਂ ਕਾਂਚੀਪੁਰਮ, ਚੇਂਗਲਪੇਟ ਅਤੇ ਤਿਰੂਵਲੂਰ ਦੇ ਕਈ ਹਿੱਸਿਆਂ ’ਚ ਹੜ੍ਹ ਆ ਗਿਆ ਹੈ ਅਤੇ ਰੁਕੀ ਸੜਕਾਂ ਦੀ ਨਿਕਾਸੀ ਲਈ ਸਰਕਾਰੀ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਕੈਬਨਿਟ ਮੰਤਰੀ ਉਧਯਾਨਿਧੀ ਸਟਾਲਿਨ ਅਤੇ ਸੁਬਰਾਮਣੀਅਮ ਨੇ ਚੇਨਈ ’ਚ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਰਾਹਤ ਗਤੀਵਿਧੀਆਂ ਦਾ ਨਿਰੀਖਣ ਕੀਤਾ।
ਹਵਾਈ ਅੱਡਾ ਅਥਾਰਟੀ ਨੇ ਦਸਿਆ ਕਿ ਲਗਾਤਾਰ ਮੀਂਹ ਕਾਰਨ ਚੇਨਈ ਹਵਾਈ ਅੱਡੇ ’ਤੇ ਉਡਾਣਾਂ ਸਵੇਰੇ 9:40 ਵਜੇ ਤੋਂ ਰਾਤ 11 ਵਜੇ ਤਕ ਮੁਅੱਤਲ ਕਰ ਦਿਤੀਆਂ ਗਈਆਂ ਅਤੇ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਲਗਭਗ 70 ਉਡਾਣਾਂ ਰੱਦ ਕਰ ਦਿਤੀਆਂ ਗਈਆਂ। ਉਨ੍ਹਾਂ ਕਿਹਾ ਕਿ ਰਨਵੇ ਵੀ ਬੰਦ ਕਰ ਦਿਤੇ ਗਏ ਹਨ।
ਚੱਕਰਵਾਤੀ ਤੂਫਾਨ ’ਚ ਬਦਲਿਆ ਮਿਗਜ਼ੋਮ, ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ
ਅਮਰਾਵਤੀ: ਆਂਧਰਾ ਪ੍ਰਦੇਸ਼ ਦੇ ਪਛਮੀ-ਮੱਧ ਅਤੇ ਤੱਟਵਰਤੀ ਦਖਣੀ ਖੇਤਰ ’ਚ ਮੰਡਰਾ ਰਿਹਾ ਚੱਕਰਵਾਤੀ ਤੂਫਾਨ ‘ਮਿਗਜ਼ੋਮ’ ਗੰਭੀਰ ਚੱਕਰਵਾਤੀ ਤੂਫਾਨ ’ਚ ਬਦਲ ਗਿਆ ਹੈ, ਜਿਸ ਕਾਰਨ ਸੂਬੇ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਪੈ ਰਿਹਾ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਅਮਰਾਵਤੀ ਮੌਸਮ ਵਿਗਿਆਨ ਕੇਂਦਰ ਦੇ ਇਕ ਅਧਿਕਾਰੀ ਨੇ ਇਕ ਬਿਆਨ ਵਿਚ ਕਿਹਾ ਕਿ ਗੰਭੀਰ ਚੱਕਰਵਾਤੀ ਤੂਫਾਨ ਦੇ ਹੌਲੀ-ਹੌਲੀ ਤੇਜ਼ ਹੋਣ ਅਤੇ ਉੱਤਰ ਵਲ ਵਧਣ ਅਤੇ ਦਖਣੀ ਆਂਧਰਾ ਪ੍ਰਦੇਸ਼ ਤੱਟ ਦੇ ਨੇੜੇ ਅਤੇ ਨੇਲੋਰ ਅਤੇ ਮਾਛੀਲੀਪਟਨਮ ਦੇ ਵਿਚਕਾਰ ਬਾਪਟਲਾ ਦੇ ਨੇੜੇ ਤੋਂ ਲੰਘਣ ਦੀ ਸੰਭਾਵਨਾ ਹੈ।
ਬਿਆਨ ’ਚ ਕਿਹਾ ਗਿਆ ਹੈ ਕਿ ਸੋਮਵਾਰ ਸਵੇਰੇ 8:30 ਵਜੇ ਤਕ ਇਹ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਪੱਛਮ ਵਲ ਵਧਿਆ ਅਤੇ ਦਖਣੀ ਆਂਧਰਾ ਪ੍ਰਦੇਸ਼ ਅਤੇ ਨਾਲ ਲੱਗਦੇ ਉੱਤਰੀ ਤਾਮਿਲਨਾਡੂ ਤੱਟਾਂ ’ਤੇ ਕੇਂਦਰਿਤ ਸੀ। ਅਧਿਕਾਰੀ ਨੇ ਦਸਿਆ ਕਿ ਇਹ ਚੇਨਈ ਤੋਂ 90 ਕਿਲੋਮੀਟਰ ਪੂਰਬ ਤੋਂ ਉੱਤਰ-ਪੂਰਬ, ਨੇਲੋਰ ਤੋਂ 17 ਕਿਲੋਮੀਟਰ ਦੱਖਣ-ਪੂਰਬ, ਪੁਡੂਚੇਰੀ ਤੋਂ 200 ਕਿਲੋਮੀਟਰ ਉੱਤਰ-ਪੂਰਬ, ਬਾਪਟਲਾ ਤੋਂ 300 ਕਿਲੋਮੀਟਰ ਦੱਖਣ ਤੋਂ ਦੱਖਣ-ਪੂਰਬ ਅਤੇ ਮਛਲੀਪਟਨਮ ਤੋਂ 320 ਕਿਲੋਮੀਟਰ ਦੱਖਣ ਵਿਚ ਕੇਂਦਰਿਤ ਸੀ।
ਮੌਸਮ ਪ੍ਰਣਾਲੀ ਕਾਰਨ ਹਵਾਵਾਂ 100-110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਸੋਮਵਾਰ ਤੋਂ ਬੁਧਵਾਰ ਤਕ ਅਗਲੇ ਤਿੰਨ ਦਿਨਾਂ ’ਚ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਤੂਫਾਨ ਦੇ ਨਾਲ ਭਾਰੀ ਬਾਰਸ਼ ਦੀ ਭਵਿੱਖਬਾਣੀ ਦੁਹਰਾਈ ਹੈ। ਚੱਕਰਵਾਤੀ ਤੂਫਾਨ ‘ਮਿਗਜ਼ੋਮ’ ਦੇ ਮੱਦੇਨਜ਼ਰ ਸੂਬੇ ’ਚ ਕਈ ਥਾਵਾਂ ’ਤੇ ਭਾਰੀ ਮੀਂਹ ਪੈ ਰਿਹਾ ਹੈ। ਲਗਾਤਾਰ ਮੀਂਹ ਕਾਰਨ ਤਿਰੂਮਾਲਾ ਤਿਰੂਪਤੀ ਦੇਵਸਥਾਨਮ (ਟੀ.ਟੀ.ਡੀ.) ਨੇ ਸ਼ਰਧਾਲੂਆਂ ਨੂੰ ਸ਼੍ਰੀ ਕਪਿਲਥੀਰਥਮ ਝਰਨੇ ’ਤੇ ਪਵਿੱਤਰ ਡੁਬਕੀ ਲਗਾਉਣ ਦੀ ਆਗਿਆ ਦੇਣ ਤੋਂ ਅਸਥਾਈ ਤੌਰ ’ਤੇ ਇਨਕਾਰ ਕਰ ਦਿਤਾ ਹੈ।
(For more news apart from Cyclone Michaung, stay tuned to Rozana Spokesman)