
ਦਿੱਲੀ ਦੇ ਉਪ ਰਾਜਪਾਲ ਨੇ ਵਿਦਿਅਕ ਯੋਗਤਾ ਅਤੇ ਉਮਰ ਦੇ ਮਾਪਦੰਡਾਂ ਨੂੰ ਦਿਤੀ ਢਿੱਲ
ਨਵੀਂ ਦਿੱਲੀ: ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਦਿੱਲੀ ਸਰਕਾਰ ਦੇ ਅਧੀਨ ਨੌਕਰੀਆਂ ਲਈ ਅਰਜ਼ੀ ਦੇਣ ਵਾਲੇ ਸਾਰੇ 48 ਸਿੱਖ ਕਤਲੇਆਮ ਪੀੜਤਾਂ ਲਈ ਵਿਦਿਅਕ ਅਤੇ ਉਮਰ ਦੇ ਮਾਪਦੰਡਾਂ ’ਚ ਢਿੱਲ ਦੇਣ ਨੂੰ ਮਨਜ਼ੂਰੀ ਦੇ ਦਿਤੀ ਹੈ। ਰਾਜ ਨਿਵਾਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ ਕਿ ਬਿਨੈਕਾਰਾਂ ਨੂੰ ਲੋੜੀਂਦੀ ਵਿਦਿਅਕ ਯੋਗਤਾ ’ਚ ਛੋਟ ਦਿਤੀ ਗਈ ਹੈ ਅਤੇ ਸਾਰੇ 88 ਬਿਨੈਕਾਰਾਂ ਲਈ ਉਪਰਲੀ ਉਮਰ ਹੱਦ ਵਧਾ ਕੇ 55 ਸਾਲ ਕਰ ਦਿਤੀ ਗਈ ਹੈ। ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਵੱਖ-ਵੱਖ ਕਾਰਜ ਮੁਲਾਜ਼ਮਾਂ ਵਜੋਂ ਉਨ੍ਹਾਂ ਦੀ ਨਿਯੁਕਤੀ ਲਈ ਛੋਟ ਨੂੰ ਮਨਜ਼ੂਰੀ ਦਿਤੀ ਗਈ ਹੈ।
ਉਪ ਰਾਜਪਾਲ ਦੇ ਦਫ਼ਤਰ ਵਲੋਂ ਜਾਰੀ ਨੋਟ ’ਚ ਕਿਹਾ ਗਿਆ ਹੈ, ‘‘ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਨ ਪ੍ਰਤੀਨਿਧੀਆਂ ਅਤੇ ਪੀੜਤ ਸਮੂਹਾਂ ਵਲੋਂ ਇਸ ਸਬੰਧ ’ਚ ਵਾਰ-ਵਾਰ ਬੇਨਤੀ ਕੀਤੀ ਗਈ ਸੀ, ਜਿਨ੍ਹਾਂ ਨੇ ਹਾਲ ਹੀ ’ਚ ਉਪ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ।’’
1984 ਦੇ ਸਿੱਖ ਕਤਲੇਆਮ ਪੀੜਤਾਂ ਲਈ ਨੌਕਰੀਆਂ ਦੇ ਪ੍ਰਬੰਧ ਸਮੇਤ ਮੁੜ ਵਸੇਬਾ ਪੈਕੇਜ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ 16 ਜਨਵਰੀ, 2006 ਨੂੰ ਮਨਜ਼ੂਰੀ ਦਿਤੀ ਸੀ।