ਕੋਨਸੀਮਾ ਜ਼ਿਲ੍ਹੇ ਦੇ ਰਾਜ਼ੋਲ ਇਲਾਕੇ ’ਚ ਵਾਪਰੀ ਘਟਨਾ, ਧਮਾਕੇ ਤੋਂ ਬਾਅਦ ਲੱਗੀ ਅੱਗ
ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਦੇ ਕੋਨਸੀਮਾ ਜ਼ਿਲ੍ਹੇ ਵਿੱਚ ਇੱਕ ONGC ਤੇਲ ਖੂਹ ਵਿੱਚ ਗੈਸ ਲੀਕ ਹੋਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਇਹ ਘਟਨਾ ਰਾਜ਼ੋਲ ਖੇਤਰ ਦੇ ਇਰੁਸੁਮੰਡਾ ਪਿੰਡ ਵਿੱਚ ਵਾਪਰੀ। ਤੇਲ ਖੂਹ ਤੋਂ ਉਤਪਾਦਨ ਅਸਥਾਈ ਰੂਪ ’ਚ ਰੋਕਿਆ ਗਿਆ ਸੀ ਅਤੇ ਉੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ।ਮੁਰੰਮਤ ਦੌਰਾਨ ਹੋਏ ਧਮਾਕੇ ਨੇ ਪੂਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ। ਅੱਗ ਦੀਆਂ ਲਪਟਾਂ ਸੈਂਕੜੇ ਫੁੱਟ ਉੱਚੀਆਂ ਉੱਠੀਆਂ ਅਤੇ ਧੂੰਏਂ ਦੇ ਆਸਮਾਨ ਵਿੱਚ ਉੱਠਣ ਕਾਰਨ ਪਿੰਡ ਵਾਸੀ ਸਹਿਮ ਗਏ।
ਘਟਨਾ ਦੀ ਜਾਣਕਾਰੀ ਮਿਲਣ ’ਤੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ ਅਤੇ ਨੇੜਲੇ ਤਿੰਨ ਪਿੰਡਾਂ ਨੂੰ ਖਾਲੀ ਕਰਵਾ ਲਿਆ। ਲੋਕਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ ਘਰਾਂ ਵਿੱਚ ਬਿਜਲੀ ਜਾਂ ਗੈਸ ਦੇ ਚੁੱਲ੍ਹੇ ਦੀ ਵਰਤੋਂ ਨਾ ਕਰਨ। ONGC ਅਤੇ ਫਾਇਰ ਬ੍ਰਿਗੇਡ ਦੀਆਂ ਮਾਹਰ ਟੀਮਾਂ ਇਸ ਸਮੇਂ ਅੱਗ ਬੁਝਾਉਣ ਲਈ ਕੰਮ ਕਰ ਰਹੀਆਂ ਹਨ। ਹਾਲਾਂਕਿ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਪਰ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
