
ਨੱਡਾ ਬੋਲੇ- ਭਾਜਪਾ ਸ਼ਾਸਤ ਰਾਜਾਂ 'ਚ ਫਿਰ ਬਣੇਗੀ ਸਾਡੀ ਸਰਕਾਰ
ਨਵੀਂ ਦਿੱਲੀ: ਭਾਜਪਾ ਕੌਮੀ ਪ੍ਰਧਾਨ ਜੇਪੀ ਨੱਡਾ ਤੇ ਗ੍ਰਹਿ ਮੰਤਰੀ ਅਮਿਤ ਸਾਹ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਲੋਕ ਚਾਰ ਰਾਜਾਂ ਵਿੱਚ ਭਾਜਪਾ ਨੂੰ ਫਿਰ ਤੋਂ ਜਿਤਾਉਣਗੇ। ਜੇਪੀ ਨੱਡਾ ਨੇ ਕਿਹਾ ਕਿ ਚੋਣ ਪ੍ਰਚਾਰ ਤੋਂ ਸਾਨੂੰ ਲੱਗਦਾ ਹੈ ਕਿ ਚਾਰ ਸੂਬਿਆਂ (ਗੋਆ, ਉਤਰਾਖੰਡ, ਮਣੀਪੁਰ, ਉੱਤਰ ਪ੍ਰਦੇਸ਼) 'ਚ ਜਿੱਥੇ ਅਸੀਂ ਪਹਿਲਾਂ ਵੀ ਸਰਕਾਰ 'ਚ ਹਾਂ ਉੱਥੇ ਦੇ ਲੋਕਾਂ ਨੇ ਮੁੜ ਤੋਂ ਸਾਡੀ ਸਰਕਾਰ ਬਣਾਉਣ ਦਾ ਫੈਸਲਾ ਕਰ ਲਿਆ ਹੈ।
ਜੇਪੀ ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਗਰੀਬਾਂ, ਦੱਬੇ-ਕੁਚਲੇ, ਵਾਂਝੇ ਅਤੇ ਸ਼ੋਸ਼ਿਤ ਲੋਕਾਂ ਨੂੰ ਤਾਕਤ ਦਿੱਤੀ ਹੈ, ਸਾਨੂੰ ਚੋਣਾਂ 'ਚ ਇਸ ਦਾ ਸਕਾਰਾਤਮਕ ਅਸਰ ਦੇਖਣ ਨੂੰ ਮਿਲਿਆ ਹੈ। ਕੇਂਦਰ ਸਰਕਾਰ ਦੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਪ੍ਰਤੀ ਲੋਕਾਂ ਦਾ ਹਾਂ-ਪੱਖੀ ਰਵੱਈਆ ਦੇਖਣ ਨੂੰ ਮਿਲਿਆ।
ਨੱਡਾ ਨੇ ਕਿਹਾ ਕਿ ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ। ਉੱਥੇ ਅਸੀਂ ਪਹਿਲੀ ਵਾਰ 65 ਤੋਂ ਵੱਧ ਸੀਟਾਂ 'ਤੇ ਚੋਣ ਲਈ ਹੈ। ਸਾਨੂੰ ਉੱਥੇ ਬਹੁਤ ਸਕਾਰਾਤਮਕ ਸਮਰਥਨ ਮਿਲਿਆ ਹੈ ਅਤੇ ਅਸੀਂ ਉੱਥੇ ਉਮੀਦ ਨਾਲੋਂ ਬਿਹਤਰ ਨਤੀਜਾ ਲਿਆਵਾਂਗੇ।
JP Nadda
ਇਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਹੀ ਦਾਅਵਾ ਕੀਤਾ ਕਿ ਅਸੀਂ ਚਾਰੇ ਰਾਜਾਂ ਵਿਚ ਫਿਰ ਤੋਂ ਸਰਕਾਰ ਬਣਾਉਣ ਜਾ ਰਹੇ ਹਾਂ। ਅਸੀਂ ਪੰਜਾਬ ਵਿਚ ਆਪਣੀ ਸਥਿਤੀ ਵਿਚ ਬਹੁਤ ਸੁਧਾਰ ਕੀਤਾ ਹੈ ਤੇ ਅੱਗੇ ਵੀ ਕਰਾਂਗੇ। ਅਸੀਂ ਪਹਿਲੀ ਵਾਰ ਗਠਜੋੜ ਵਿਚ ਸਭ ਤੋਂ ਵੱਡੀ ਪਾਰਟੀ ਵਜੋਂ ਪੰਜਾਬ ਵਿਚ ਚੋਣ ਲੜੀ ਹੈ।
ਸ਼ਾਹ ਨੇ ਕਿਹਾ ਬੂਥ ਪੱਧਰ ਤੋਂ ਲੈ ਕੇ ਪ੍ਰਧਾਨ ਮੰਤਰੀ ਅਤੇ ਸਾਡੇ ਰਾਸ਼ਟਰੀ ਪ੍ਰਧਾਨ ਤੱਕ ਸਾਰੇ ਵਰਕਰ ਵੱਖ-ਵੱਖ ਮਾਧਿਅਮਾਂ ਰਾਹੀਂ ਇੱਕੋ ਹੀ ਤਾਲ ਅਤੇ ਗਤੀ ਨਾਲ ਇੱਕੋ ਦਿਸ਼ਾ ਵਿਚ ਜਨ ਸੰਪਰਕ ਕਰਦੇ ਹਨ। ਆਜ਼ਾਦ ਭਾਰਤ ਦੇ ਇਤਿਹਾਸ ਵਿਚ ਇਹ ਚੋਣ ਕੁਝ ਨਵੀਂ ਅਤੇ ਅਜੀਬ ਕਿਸਮ ਦੀ ਮੁਹਿੰਮ ਸੀ।
ਸ਼ਾਹ ਨੇ ਕਿਹਾ ਕਿ ਕਰੀਬ ਸਾਢੇ 7 ਸਾਲਾਂ ਤੋਂ ਦੇਸ਼ 'ਚ ਭਾਜਪਾ ਦੀ ਪੂਰਨ ਬਹੁਮਤ ਵਾਲੀ ਸਰਕਾਰ ਨਰਿੰਦਰ ਮੋਦੀ ਦੀ ਅਗਵਾਈ 'ਚ ਚੱਲ ਰਹੀ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਸਾਡੀ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਹੈ ਕਿ ਇੱਕ ਚੁਣੀ ਹੋਈ ਸਰਕਾਰ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਚਾਹੁੰਦੀ ਹੈ।ਸ਼ਾਹ ਨੇ ਕਿਹਾ ਕਿ ਯੋਗੀ ਆਦਿੱਤਿਆਨਾਥ ਦੀ ਅਗਵਾਈ 'ਚ ਉੱਤਰ ਪ੍ਰਦੇਸ਼ 'ਚ ਕਾਨੂੰਨ ਵਿਵਸਥਾ 'ਚ ਵੱਡੀ ਤਬਦੀਲੀ ਆਈ ਹੈ। ਰਾਜ ਵਿਚ ਹਰ ਤਰ੍ਹਾਂ ਦੀਆਂ ਅਪਰਾਧਿਕ ਘਟਨਾਵਾਂ ਵਿਚ 30% ਤੋਂ 70% ਤੱਕ ਕਮੀ ਆਈ ਹੈ। ਸਾਰਾ ਮਾਫੀਆ ਜੇਲ੍ਹ ਵਿੱਚ ਹੈ। ਔਰਤਾਂ ਅਤੇ ਲੜਕੀਆਂ ਹੁਣ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।
Amit Shah
ਅਮਿਤ ਸ਼ਾਹ ਨੇ ਕਿਹਾ ਕਿ ਇਨ੍ਹਾਂ ਪੰਜ ਰਾਜਾਂ ਵਿਚ ਨਰਿੰਦਰ ਮੋਦੀ ਜੀ ਦੀ ਲੋਕਪ੍ਰਿਅਤਾ ਆਜ਼ਾਦ ਭਾਰਤ ਦੇ ਕਿਸੇ ਵੀ ਪ੍ਰਧਾਨ ਮੰਤਰੀ ਦੀ ਲੋਕਪ੍ਰਿਅਤਾ ਤੋਂ ਉਪਰ ਦੇਖੀ ਗਈ ਹੈ ਅਤੇ ਇਸ ਦਾ ਸਿੱਧਾ ਫਾਇਦਾ ਭਾਜਪਾ ਨੂੰ ਇਨ੍ਹਾਂ ਚੋਣਾਂ ਵਿਚ ਮਿਲ ਰਿਹਾ ਹੈ। ਮੋਦੀ ਜੀ ਖੁਦ ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਕਾਸ਼ੀ ਵਿਚ ਮੋਦੀ ਜੀ ਦਾ ਰੋਡ ਸ਼ੋਅ ਹੋਇਆ ਤਾਂ ਜਨਤਾ ਉਨ੍ਹਾਂ ਲਈ ਕੰਮ ਕਰਨ ਵਾਲੇ ਆਪਣੇ ਚਹੇਤੇ ਨੇਤਾ ਦਾ ਕਿਵੇਂ ਸਵਾਗਤ ਕਰਦੀ ਹੈ। ਲੋਕਤੰਤਰ ਵਿਚ ਇਸ ਦੀ ਇੱਕ ਇਤਿਹਾਸਕ ਮਿਸਾਲ ਅਸੀਂ ਉੱਤਰ ਪ੍ਰਦੇਸ਼ ਦੀ ਚੋਣ ਮੁਹਿੰਮ ਵਿੱਚ ਵੇਖੀ ਹੈ।
ਸ਼ਾਹ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਪਹਿਲੀ ਵਾਰ ਲੋਕਤੰਤਰ ਹੇਠਲੇ ਪੱਧਰ ਤੱਕ ਵਧਦਾ-ਫੁੱਲਦਾ ਨਜ਼ਰ ਆ ਰਿਹਾ ਹੈ। ਅੱਜ ਅਸੀਂ ਉੱਤਰ ਪ੍ਰਦੇਸ਼ ਵਿੱਚ ਪਹਿਲੀ ਵਾਰ ਜਮਹੂਰੀਅਤ ਨੂੰ ਜਾਤੀਵਾਦ, ਪਰਿਵਾਰਵਾਦ, ਤੁਸ਼ਟੀਕਰਨ, ਇਹਨਾਂ ਤਿੰਨਾਂ ਕਸਰਾਂ ਤੋਂ ਮੁਕਤ ਕਰਕੇ ਵੱਧਦਾ-ਫੁੱਲਦਾ ਦੇਖ ਰਹੇ ਹਾਂ। ਉੱਤਰਾਖੰਡ ਵਿਚ ਭਾਜਪਾ ਦੀ ਸਰਕਾਰ ਪੰਜ ਸਾਲ ਬਿਨ੍ਹਾਂ ਭ੍ਰਿਸ਼ਟਾਚਾਰ ਦੇ ਇੱਕ ਵੀ ਇਲਜ਼ਾਮ ਦੇ ਬਿਨ੍ਹਾਂ ਚੱਲੀ ਹੈ। ਵਨ ਰੈਂਕ-ਵਨ ਪੈਨਸ਼ਨ ਦੀ ਪ੍ਰਾਪਤੀ ਉੱਤਰਾਖੰਡ ਦੇ ਸੇਵਾਮੁਕਤ ਸੈਨਿਕਾਂ ਦੇ ਘਰ ਪਹੁੰਚੀ ਹੈ।