ਡੀ.ਐਮ.ਕੇ. ਆਗੂ ਏ. ਰਾਜਾ ਨੇ ਛੇੜਿਆ ਨਵਾਂ ਵਿਵਾਦ, ਕਿਹਾ ‘ਭਾਰਤ ਕਦੇ ਵੀ ਇਕ ਰਾਸ਼ਟਰ ਨਹੀਂ ਰਿਹਾ’
Published : Mar 5, 2024, 5:52 pm IST
Updated : Mar 5, 2024, 5:52 pm IST
SHARE ARTICLE
A. Raja.
A. Raja.

ਕਾਂਗਰਸ ਅਤੇ ਭਾਜਪਾ ਨੇ ਕੀਤਾ ਸਖ਼ਤ ਵਿਰੋਧ

ਚੇਨਈ: ਦ੍ਰਾਵਿੜ ਮੁਨੇਤਰ ਕਜ਼ਗਮ (ਡੀ.ਐਮ.ਕੇ.) ਦੇ ਸੰਸਦ ਮੈਂਬਰ ਏ. ਰਾਜਾ ਨੇ ਕਿਹਾ ਹੈ ਕਿ ਭਾਰਤ ਕਦੇ ਵੀ ਇਕ ਰਾਸ਼ਟਰ ਨਹੀਂ ਸੀ, ਬਲਕਿ ਵੱਖ-ਵੱਖ ਰਵਾਇਤਾਂ ਅਤੇ ਪਰੰਪਰਾਵਾਂ ਵਾਲਾ ਉਪ-ਮਹਾਂਦੀਪ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਨਵਾਂ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਮੇਤ ਕਾਂਗਰਸ ਨੇ ਵੀ ਉਨ੍ਹਾਂ ਦੇ ਇਸ ਬਿਆਨ ਦਾ ਵਿਰੋਧ ਕੀਤਾ ਹੈ। 

ਭਾਜਪਾ ਨੇ ਉਨ੍ਹਾਂ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਇਹ ਦੇਸ਼ ਦੀ ਵੰਡ ਦਾ ਸੱਦਾ ਹੈ। ਜਦਕਿ ਕਾਂਗਰਸ ਨੇ ਮੰਗਲਵਾਰ ਨੂੰ ਅਪਣੇ ਸਹਿਯੋਗੀ ਡੀ.ਐਮ.ਕੇ. ਨੇਤਾ ਏ. ਰਾਜਾ ਦੀ ਵਿਵਾਦਪੂਰਨ ਟਿਪਣੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਇਸ ਨਾਲ 100 ਫੀ ਸਦੀ ਅਸਹਿਮਤ ਹੈ। ਰਾਜਾ ਇਕ ਵੀਡੀਉ ’ਚ ਪਾਰਟੀ ਵਲੋਂ ਸੱਦੀ ਇਕ ਬੈਠਕ ਨੂੰ ਸੰਬੋਧਿਤ ਕਰਦੇ ਨਜ਼ਰ ਆ ਰਹੇ ਹਨ, ਜਿਸ ’ਚ ਉਹ ਕਥਿਤ ਤੌਰ ’ਤੇ ਕਹਿ ਰਹੇ ਹਨ, ‘‘ਭਾਰਤ ਇਕ ਰਾਸ਼ਟਰ ਨਹੀਂ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝੋ। ਭਾਰਤ ਕਦੇ ਵੀ ਇਕ ਰਾਸ਼ਟਰ ਨਹੀਂ ਰਿਹਾ। ਇਕ ਰਾਸ਼ਟਰ ਇਕ ਭਾਸ਼ਾ, ਇਕ ਪਰੰਪਰਾ ਅਤੇ ਇਕ ਸਭਿਆਚਾਰ ਨੂੰ ਦਰਸਾਉਂਦਾ ਹੈ ਅਤੇ ਅਜਿਹੀਆਂ ਵਿਸ਼ੇਸ਼ਤਾਵਾਂ ਇਕ ਰਾਸ਼ਟਰ ਦਾ ਨਿਰਮਾਣ ਕਰਦੀਆਂ ਹਨ।’’ ਰਾਜਾ ਨੇ ਦਾਅਵਾ ਕੀਤਾ ਕਿ ਭਾਰਤ ਇਕ ਰਾਸ਼ਟਰ ਨਹੀਂ ਬਲਕਿ ਇਕ ਉਪ-ਮਹਾਂਦੀਪ ਹੈ। ਉਨ੍ਹਾਂ ਕਿਹਾ, ‘‘ਕੀ ਕਾਰਨ ਹੈ ਕਿ ਤਾਮਿਲ ਇਕ ਰਾਸ਼ਟਰ ਅਤੇ ਇਕ ਦੇਸ਼ ਹੈ? ਮਲਿਆਲਮ ਇਕ ਭਾਸ਼ਾ, ਇਕ ਰਾਸ਼ਟਰ ਅਤੇ ਇਕ ਦੇਸ਼ ਹੈ। ਉੜੀਆ ਇਕ ਰਾਸ਼ਟਰ, ਇਕ ਭਾਸ਼ਾ ਅਤੇ ਇਕ ਦੇਸ਼ ਹੈ। ਅਜਿਹੀਆਂ ਸਾਰੀਆਂ ਰਾਸ਼ਟਰੀ ਸ਼੍ਰੇਣੀਆਂ ਭਾਰਤ ਦਾ ਗਠਨ ਕਰਦੀਆਂ ਹਨ। ਇਸ ਲਈ ਭਾਰਤ ਕੋਈ ਦੇਸ਼ ਨਹੀਂ ਹੈ, ਇਹ ਵੱਖ-ਵੱਖ ਰਵਾਇਤਾ, ਪਰੰਪਰਾਵਾਂ ਅਤੇ ਸਭਿਆਚਾਰਾਂ ਵਾਲਾ ਉਪ-ਮਹਾਂਦੀਪ ਹੈ।’’

ਉਨ੍ਹਾਂ ਅੱਗੇ ਕਿਹਾ, ‘‘ਤਾਮਿਲਨਾਡੂ ’ਚ ਇਕ ਸਭਿਆਚਾਰ ਹੈ ਅਤੇ ਕੇਰਲ ’ਚ ਇਕ ਹੋਰ ਸਭਿਆਚਾਰ ਹੈ। ਇਸੇ ਤਰ੍ਹਾਂ ਦਿੱਲੀ ’ਚ ਵੀ ਇਕ ਸਭਿਆਚਾਰ ਹੈ। ਓਡੀਸ਼ਾ ਦਾ ਇਕ ਹੋਰ ਸਭਿਆਚਾਰ ਹੈ। ਮਨੀਪੁਰ ’ਚ ਕੁੱਤੇ ਦਾ ਮਾਸ ਖਾਧਾ ਜਾਂਦਾ ਹੈ ਜੋ ਇਕ ਸਭਿਆਚਾਰਕ ਪਹਿਲੂ ਹੈ। ਕਸ਼ਮੀਰ ’ਚ ਇਕ ਸਭਿਆਚਾਰ ਹੈ। ਹਰ ਸਭਿਆਚਾਰ ਨੂੰ ਮਾਨਤਾ ਦੇਣੀ ਹੋਵੇਗੀ।’’ ਉਨ੍ਹਾਂ ਕਿਹਾ, ‘‘ਜੇਕਰ ਕੋਈ ਭਾਈਚਾਰਾ ਬੀਫ (ਗਊ ਦਾ ਮਾਸ) ਖਾਂਦਾ ਹੈ ਤਾਂ ਇਸ ਨੂੰ ਮਨਜ਼ੂਰ ਕਰੋ, ਤੁਹਾਡੀ ਸਮੱਸਿਆ ਕੀ ਹੈ, ਕੀ ਉਨ੍ਹਾਂ ਨੇ ਤੁਹਾਨੂੰ ਖਾਣ ਲਈ ਕਿਹਾ, ਇਹ ਵੰਨ-ਸੁਵੰਨਤਾ ਵਿਚ ਏਕਤਾ ਹੈ। ਸਾਡੇ ਵਿਚਕਾਰ ਫ਼ਰਕ ਹਨ ਅਤੇ ਇਸ ਨੂੰ ਮਨਜ਼ੂਰ ਕਰਨਾ ਪਏਗਾ।’’

ਭਾਜਪਾ ਦੇ ਆਈ.ਟੀ. ਵਿੰਗ ਦੇ ਇੰਚਾਰਜ ਅਮਿਤ ਮਾਲਵੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕਿਹਾ, ‘‘ਡੀ.ਐਮ.ਕੇ. ਵਲੋਂ ਨਫ਼ਰਤ ਭਰੇ ਭਾਸ਼ਣ ਜਾਰੀ ਹਨ। ਸਨਾਤਨ ਧਰਮ ਨੂੰ ਤਬਾਹ ਕਰਨ ਦੇ ਉਧਯਾਨਿਧੀ ਸਟਾਲਿਨ ਦੇ ਸੱਦੇ ਤੋਂ ਬਾਅਦ, ਏ. ਰਾਜਾ ਨੇ ਹੁਣ ਭਾਰਤ ਦੀ ਵੰਡ ਦਾ ਸੱਦਾ ਦਿਤਾ ਹੈ, ਭਗਵਾਨ ਰਾਮ ਦਾ ਮਜ਼ਾਕ ਉਡਾਇਆ ਹੈ, ਮਨੀਪੁਰੀਆਂ ’ਤੇ ਅਪਮਾਨਜਨਕ ਟਿਪਣੀਆਂ ਕੀਤੀਆਂ ਹਨ ਅਤੇ ਇਕ ਰਾਸ਼ਟਰ ਵਜੋਂ ਭਾਰਤ ਦੀ ਧਾਰਨਾ ’ਤੇ ਸਵਾਲ ਚੁਕੇ ਹਨ।’’

ਏ. ਰਾਜਾ ਦੀ ਵਿਵਾਦਪੂਰਨ ਟਿਪਣੀ ਤੋਂ ਅਸੀਂ 100 ਫੀ ਸਦੀ ਅਸਹਿਮਤ ਹਾਂ : ਕਾਂਗਰਸ

ਨਵੀਂ ਦਿੱਲੀ ’ਚ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਵਿਭਾਗ ਦੀ ਮੁਖੀ ਸੁਪ੍ਰਿਆ ਸ਼੍ਰੀਨੇਤ ਨੇ ਕਿਹਾ ਕਿ ਨੇਤਾਵਾਂ ਨੂੰ ਸੰਜਮ ਨਾਲ ਗੱਲ ਕਰਨੀ ਚਾਹੀਦੀ ਹੈ। ਸੁਪ੍ਰਿਆ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਉਨ੍ਹਾਂ ਦੀ ਗੱਲ ਨਾਲ 100 ਫੀ ਸਦੀ ਅਸਹਿਮਤ ਹਾਂ। ਮੈਂ ਅਜਿਹੇ ਬਿਆਨ ਦੀ ਪੂਰੀ ਤਰ੍ਹਾਂ ਨਿੰਦਾ ਕਰਦੀ ਹਾਂ।’’ ਰਾਮਾਇਣ ਅਤੇ ਭਗਵਾਨ ਰਾਮ ਬਾਰੇ ਰਾਜਾ ਵਲੋਂ ਕੀਤੀਆਂ ਗਈਆਂ ਕੁੱਝ ਟਿਪਣੀਆਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਰਾਮ ਸਾਰਿਆਂ ਦੇ ਹਨ, ਰਾਮ ਸਾਡੇ ਸਾਰਿਆਂ ’ਚ ਹਨ। ਜਿਸ ਰਾਮ ਨੂੰ ਇਮਾਮ-ਏ-ਹਿੰਦ ਕਿਹਾ ਜਾਂਦਾ ਹੈ, ਉਹ ਸੰਪਰਦਾਵਾਂ, ਧਰਮ ਅਤੇ ਜਾਤ ਤੋਂ ਉੱਪਰ ਹੈ। ਰਾਮ ਜੀਉਣ ਦਾ ਆਦਰਸ਼ ਹੈ, ਰਾਮ ਇੱਜ਼ਤ ਹੈ, ਰਾਮ ਨੈਤਿਕਤਾ ਹੈ, ਰਾਮ ਪਿਆਰ ਹੈ। ਮੈਨੂੰ ਲਗਦਾ ਹੈ ਕਿ ਲੋਕਾਂ ਨੂੰ ਸੰਜਮ ਨਾਲ ਗੱਲ ਕਰਨ ਦੀ ਜ਼ਰੂਰਤ ਹੈ।’’

ਹਿੰਦੂ ਦੇਵਤਿਆਂ ਦਾ ਅਪਮਾਨ ਕਰਨਾ ‘ਇੰਡੀਆ’ ਗੱਠਜੋੜ ਦੇ ਸਿਆਸੀ ਏਜੰਡੇ ਦੀ ਪਛਾਣ: ਭਾਜਪਾ 

ਨਵੀਂ ਦਿੱਲੀ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਿੰਦੂਤਵ ਅਤੇ ਭਗਵਾਨ ਰਾਮ ਵਿਰੁਧ ਡੀ.ਐਮ.ਕੇ. ਨੇਤਾ ਏ. ਰਾਜਾ ਦੀ ਕਥਿਤ ਟਿਪਣੀ ਨੂੰ ਲੈ ਕੇ ਵਿਰੋਧੀ ‘ਇੰਡੀਆ’ ਗੱਠਜੋੜ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਨਤਕ ਤੌਰ ’ਤੇ ਭਾਰਤ ਦੇ ਸਿਧਾਂਤਾਂ ਦਾ ਅਪਮਾਨ ਕਰਨਾ ਅਤੇ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕਰਨਾ ਉਸ ਦੇ ਸਿਆਸੀ ਏਜੰਡੇ ਦੀ ਪਛਾਣ ਬਣ ਗਿਆ ਹੈ। 

ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕੇ. ਰਾਜਾ ਦੀ ਟਿਪਣੀ ‘ਮਾਉਵਾਦੀ ਵਿਚਾਰਧਾਰਾ ਹੈ।’ ਪ੍ਰਸਾਦ ਦੇ ਅਨੁਸਾਰ, ਰਾਜਾ ਨੇ ਇਹ ਵੀ ਕਿਹਾ, ‘‘ਜੇ ਇਹ ਤੁਹਾਡਾ ਜੈ ਸ਼੍ਰੀ ਰਾਮ ਹੈ, ਜੇ ਇਹ ਤੁਹਾਡੀ ਭਾਰਤ ਮਾਤਾ ਦੀ ਜੈ ਹੈ, ਤਾਂ ਅਸੀਂ ਕਦੇ ਵੀ ਜੈ ਸ਼੍ਰੀ ਰਾਮ ਅਤੇ ਭਾਰਤ ਮਾਤਾ ਨੂੰ ਮਨਜ਼ੂਰ ਨਹੀਂ ਕਰਾਂਗੇ। ਤਾਮਿਲ ਇਸ ਨੂੰ ਮਨਜ਼ੂਰ ਨਹੀਂ ਕਰਦੇ। ਤੁਸੀਂ ਜਾਉ ਅਤੇ ਕਹੋ ਕਿ ਅਸੀਂ ਰਾਮ ਦੇ ਦੁਸ਼ਮਣ ਹਾਂ।’’ ਭਾਜਪਾ ਨੇਤਾ ਨੇ ਮੰਗ ਕੀਤੀ ਕਿ ਕਾਂਗਰਸ ਅਤੇ ‘ਇੰਡੀਆ’ ਦੇ ਹੋਰ ਭਾਈਵਾਲ ਅੱਗੇ ਆਉਣ ਅਤੇ ਦੱਸਣ ਕਿ ਕੀ ਉਹ ਡੀ.ਐਮ.ਕੇ. ਨੇਤਾ ਦੀਆਂ ਟਿਪਣੀਆਂ ਨਾਲ ਸਹਿਮਤ ਹਨ। ਉਨ੍ਹਾਂ ਕਿਹਾ, ‘‘ਅਸੀਂ ਅਜਿਹੀਆਂ ਟਿਪਣੀਆਂ ਦੀ ਸਖ਼ਤ ਨਿੰਦਾ ਕਰਦੇ ਹਾਂ।’’ 

ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਤਾਮਿਲਨਾਡੂ ਦੇ ਮੰਤਰੀ ਉਧਯਾਨਿਧੀ ਸਟਾਲਿਨ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਉਹ ਪ੍ਰਗਟਾਵੇ ਦੀ ਆਜ਼ਾਦੀ ਨਾਲ ਨਾਜਾਇਜ਼ ਆਜ਼ਾਦੀ ਲੈਂਦੇ ਹਨ ਅਤੇ ਫਿਰ ਰਾਹਤ ਲਈ ਅਦਾਲਤ ਆਉਂਦੇ ਹਨ। ਉਨ੍ਹਾਂ ਕਿਹਾ, ‘‘ਕਿਰਪਾ ਕਰ ਕੇ ਇਸ ਤਰੀਕੇ ਨਾਲ ਹਿੰਦੂ ਭਾਵਨਾਵਾਂ ਦਾ ਅਪਮਾਨ ਨਾ ਕਰੋ, ਇਸ ਤਰੀਕੇ ਨਾਲ ਹਿੰਦੂ ਵਿਸ਼ਵਾਸ ਨੂੰ ਸ਼ਰਮਿੰਦਾ ਨਾ ਕਰੋ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਇਹ ਰਿਗਵੇਦ ਦਾ ਭਾਰਤੀ ਸੰਸਕਾਰ ਹੈ ਜੋ ਕਹਿੰਦਾ ਹੈ ਕਿ ਸੱਚ ਇਕ ਹੈ, ਰਸਤੇ ਵੱਖਰੇ ਹੋ ਸਕਦੇ ਹਨ।’’

SHARE ARTICLE

ਏਜੰਸੀ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement