
ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਪਾਰਟੀ ਆਗੂਆਂ ਨੂੰ ਇਹ ਵੀ ਕਿਹਾ ਕਿ ਪਾਰਟੀ ਲਈ ਅੱਗੇ ਦਾ ਰਾਹ ਹੋਰ ਵੀ ਚੁਣੌਤੀਪੂਰਨ ਹੈ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਪਾਰਟੀ ਦੇ ਅੰਦਰ ਹਰ ਪੱਧਰ 'ਤੇ ਏਕਤਾ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਲੋਕਤੰਤਰ ਅਤੇ ਸਮਾਜ ਲਈ ਪਾਰਟੀ ਦਾ ਫਿਰ ਤੋਂ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਸੰਸਦ ਭਵਨ ਦੇ ਸੈਂਟਰਲ ਹਾਲ ਵਿਚ ਹੋਈ ਕਾਂਗਰਸ ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਪਾਰਟੀ ਆਗੂਆਂ ਨੂੰ ਇਹ ਵੀ ਕਿਹਾ ਕਿ ਪਾਰਟੀ ਲਈ ਅੱਗੇ ਦਾ ਰਾਹ ਹੋਰ ਵੀ ਚੁਣੌਤੀਪੂਰਨ ਹੈ। ਉਹਨਾਂ ਕਿਹਾ ਕਿ ਕਾਂਗਰਸ ਦਾ ਫਿਰ ਤੋਂ ਮਜ਼ਬੂਤ ਹੋਣਾ ਨਾ ਸਿਰਫ਼ ਸਾਡੇ ਲਈ ਮਹੱਤਵਪੂਰਨ ਹੈ, ਸਗੋਂ ਇਹ ਸਾਡੇ ਲੋਕਤੰਤਰ ਅਤੇ ਸਮਾਜ ਲਈ ਵੀ ਮਹੱਤਵਪੂਰਨ ਹੈ
ਇਸ ਮੀਟਿੰਗ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ, ਲੋਕ ਸਭਾ ਵਿਚ ਪਾਰਟੀ ਦੇ ਆਗੂ ਅਧੀਰ ਰੰਜਨ ਚੌਧਰੀ ਅਤੇ ਕਈ ਹੋਰ ਸੰਸਦ ਮੈਂਬਰ ਸ਼ਾਮਲ ਹੋਏ। ਭਾਜਪਾ ਦੇ 'ਵੰਡ ਅਤੇ ਧਰੁਵੀਕਰਨ ਦੇ ਏਜੰਡੇ' 'ਤੇ ਬੋਲਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਵੰਡ ਸਮੇਂ ਦੇ ਤੱਥਾਂ ਅਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਸੱਤਾਧਾਰੀ ਪਾਰਟੀ ਲਈ ਨਿੱਤ ਦਾ ਕੰਮ ਬਣ ਗਿਆ ਹੈ।
ਕਾਂਗਰਸ ਵਰਕਿੰਗ ਕਮੇਟੀ ਦੀ ਹਾਲ ਹੀ ਵਿਚ ਹੋਈ ਮੀਟਿੰਗ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਉਹ ਇਸ ਬਾਰੇ ਜਾਣੂ ਸਨ ਕਿ ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਹਾਰ ਨਾਲ ਆਗੂ ਕਿੰਨੇ ਨਿਰਾਸ਼ ਹਨ। ਉਹਨਾਂ ਨੇ ਚਿੰਤਨ ਕੈਂਪ ਲਗਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਸੋਨੀਆ ਗਾਂਧੀ ਨੇ ਕਿਹਾ, ''ਅੱਗੇ ਦਾ ਰਾਹ ਹੋਰ ਵੀ ਚੁਣੌਤੀਪੂਰਨ ਹੈ। ਸਾਡੇ ਸਮਰਪਣ, ਲਚਕੀਲੇਪਣ ਦੀ ਭਾਵਨਾ ਅਤੇ ਵਚਨਬੱਧਤਾ ਦੀ ਪ੍ਰੀਖਿਆ ਹੈ। ਸਾਡੇ ਵਿਆਪਕ ਸੰਗਠਨ ਦੇ ਹਰ ਪੱਧਰ 'ਤੇ ਏਕਤਾ ਜ਼ਰੂਰੀ ਹੈ। ਮੈਂ ਇਸ ਨੂੰ ਯਕੀਨੀ ਬਣਾਉਣ ਲਈ ਜੋ ਵੀ ਜ਼ਰੂਰੀ ਹੈ, ਕਰਨ ਲਈ ਵਚਨਬੱਧ ਹਾਂ। ਉਹਨਾਂ ਨੇ ਜ਼ੋਰ ਦੇ ਕੇ ਕਿਹਾ, ‘‘ਸਾਡਾ ਫਿਰ ਤੋਂ ਮਜ਼ਬੂਤ ਹੋਣਾ ਨਾ ਸਿਰਫ਼ ਸਾਡੇ ਲਈ ਮਹੱਤਵਪੂਰਨ ਹੈ, ਸਗੋਂ ਇਹ ਸਾਡੇ ਲੋਕਤੰਤਰ ਅਤੇ ਸਮਾਜ ਲਈ ਵੀ ਮਹੱਤਵਪੂਰਨ ਹੈ।’’
ਸੋਨੀਆ ਗਾਂਧੀ ਨੇ ਹਾਲ ਹੀ ਵਿਚ ਰਾਜ ਸਭਾ ਤੋਂ ਸੇਵਾਮੁਕਤ ਹੋਏ ਪਾਰਟੀ ਦੇ ਕਈ ਸੀਨੀਅਰ ਆਗੂਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਉਹ ਜਨਤਕ ਜੀਵਨ ਵਿਚ ਬਣੇ ਰਹਿਣਗੇ ਅਤੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਸੈਕਟਰ ਅਜੇ ਵੀ ‘ਨਾਜ਼ੁਕ ਸਥਿਤੀ' 'ਚ ਹਨ। ਕਾਂਗਰਸ ਪ੍ਰਧਾਨ ਨੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ 'ਤੇ ਚਿੰਤਾ ਪ੍ਰਗਟਾਈ ਹੈ। ਕਾਂਗਰਸ ਪ੍ਰਧਾਨ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਮਹਿੰਗਾਈ ਖ਼ਿਲਾਫ਼ ਮੁਹਿੰਮ ਜਾਰੀ ਰੱਖਣ ਦਾ ਸੱਦਾ ਦਿੱਤਾ।