
ਉੱਤਰ ਭਾਰਤ ਵਿਚ ਬੁਧਵਾਰ ਰਾਤ ਪੰਜ ਰਾਜਾਂ ਵਿਚ ਆਈ ਹਨੇਰੀ ਤੂਫ਼ਾਨ ਨਾਲ 124 ਲੋਕਾਂ ਦੀ ਮੌਤ ਹੋ ਗਈ ਸੀ...
ਨਵੀਂ ਦਿੱਲੀ, 4 ਮਈ : ਉੱਤਰ ਭਾਰਤ ਵਿਚ ਬੁਧਵਾਰ ਰਾਤ ਪੰਜ ਰਾਜਾਂ ਵਿਚ ਆਈ ਹਨੇਰੀ ਤੂਫ਼ਾਨ ਨਾਲ 124 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 350 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਗ੍ਰਹਿ ਮੰਤਰਾਲੇ ਮੁਤਾਬਕ ਪਿਛਲੇ ਦੋ ਦਿਨਾਂ ਦੌਰਾਨ ਹਨੇਰੀ, ਤੂਫ਼ਾਨ ਅਤੇ ਅਸਮਾਨੀ ਬਿਜਲੀ ਡਿੱਗਣ ਨਾਲ ਇਕੱਲੇ ਯੂਪੀ ਵਿਚ 73 ਜ਼ਿੰਦਗੀਆਂ ਖ਼ਤਮ ਹੋ ਗਈਆਂ। ਤੂਫ਼ਾਨ ਦਾ ਖ਼ਤਰਾ ਹਾਲੇ ਵੀ ਕਾਇਮ ਹੈ। ਪੰਜਾਬ, ਜੰਮੂ ਕਸ਼ਮੀਰ, ਹਿਮਾਚਲ, ਹਰਿਆਣਾ, ਚੰਡੀਗੜ੍ਹ, ਬਿਹਾਰ, ਯੂਪੀ ਤੇ ਹੋਰ ਸੂਬਿਆਂ ਵਿਚ ਵੱਖ ਵੱਖ ਥਾਵਾਂ 'ਤੇ ਹਨੇਰੀ ਤੂਫ਼ਾਨ ਅਤੇ ਤੇਜ਼ ਹਵਾਵਾਂ ਚੱਲਣ ਦਾ ਖ਼ਦਸ਼ਾ ਹੈ।
ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਪਛਮੀ ਬੰਗਾਲ, ਉੜੀਸਾ, ਬਿਹਾਰ ਅਤੇ ਯੂਪੀ ਵਿਚ ਹਨੇਰੀ ਤੂਫ਼ਾਨ ਆਉਣ ਦੀ ਅੱਜ ਤਾਜ਼ਾ ਚੇਤਾਵਨੀ ਜਾਰੀ ਕੀਤੀ ਗਈ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਅਤੇ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਘਟਨਾਵਾਂ ਆਗਰਾ ਖੇਤਰ ਵਿਚ ਵਾਪਰੀਆਂ ਹਨ। ਰਾਜਸਥਾਨ ਵਿਚ ਕੁਲ ਮਿਲਾ ਕੇ 35 ਵਿਅਕਤੀਆਂ ਦੀ ਮੌਤ ਹੋਈ ਅਤੇ 206 ਜ਼ਖਮੀ ਹੋ ਗਏ। ਪੰਜਾਬ, ਉਤਰਾਖੰਡ, ਤੇਲੰਗਾਨਾ ਵਿਚ ਕਰੀਬ 100 ਵਿਅਕਤੀ ਜ਼ਖ਼ਮੀ ਹੋਏ ਹਨ। ਤੂਫ਼ਾਨ ਮਗਰੋਂ ਕਈ ਰਾਜਾਂ ਵਿਚ ਬਿਜਲੀ ਸਪਲਾਈ ਠੱਪ ਹੋ ਗਈ। ਤੂਫ਼ਾਨ ਆਸਾਮ, ਮੇਘਾਲਿਆ, ਨਾਗਾਲੈਂਡ, ਮਿਜ਼ੋਰਮ ਅਤੇ ਤ੍ਰਿਪੁਰਾ ਵਿਚ ਵੀ ਆ ਸਕਦਾ ਹੈ।
ਮੌਸਮ ਵਿਭਾਗ ਨੇ ਚੇਤਾਵਨੀ ਦਿਤੀ ਹੈ ਕਿ ਅਗਲੇ 24 ਘੰਟਿਆਂ ਵਿਚ ਕਈ ਰਾਜਾਂ ਵਿਚ ਹਨੇਰੀ ਤੇ ਤੂਫ਼ਾਨ
ਆ ਸਕਦਾ ਹੈ। ਯੂਪੀ, ਉਤਰਾਖੰਡ, ਬਿਹਾਰ, ਪਛਮੀ ਬੰਗਾਲ ਅਤੇ ਉੜੀਸਾ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਚੱਕਰਵਾਤ ਦੀ ਸਥਿਤੀ ਬਣਨ ਕਾਰਨ ਇਹ ਅਨੁਮਾਨ ਲਾਇਆ ਗਿਆ ਹੈ। ਨਾਲ ਹੀ ਤੂਫ਼ਾਨ ਨੇ ਜਾਨਵਰਾਂ ਅਤੇ ਫ਼ਸਲ 'ਤੇ ਵੀ ਕਹਿਰ ਢਾਹਿਆ ਹੈ। ਮਾਹਰਾਂ ਮੁਤਾਬਕ ਦਿੱਲੀ ਵਿਚ ਘੱਟ ਦਬਾਅ ਦਾ ਖੇਤਰ ਬਣਿਆ ਸੀ ਅਤੇ ਬੰਗਾਲ ਦੀ ਖਾੜੀ ਤੋਂ ਆ ਰਹੀਆਂ ਹਵਾਵਾਂ ਤੇ ਪਛਮੀ ਗੜਬੜ ਵਿਚਕਾਰ ਟਕਰਾਅ ਹੋਇਆ ਜਿਸ ਦਾ ਨਤੀਜਾ ਕਈ ਰਾਜਾਂ ਵਿਚ ਤੂਫ਼ਾਨ ਦੇ ਰੂਪ ਵਿਚ ਵੇਖਣ ਨੂੰ ਮਿਲਿਆ।