
ਇਨ੍ਹਾਂ ਦੋਹਾਂ ਭੈਣਾਂ ਨੇ ਈਦਗਾਹ ਦੇ ਵਿਸਥਾਰ ਲਈ 4 ਵਿੱਘੇ ਜ਼ਮੀਨ ਦਾਨ ਕਰਕੇ ਨਾ ਸਿਰਫ ਇਕ ਧੀ ਹੋਣ ਦਾ ਫਰਜ਼ ਨਿਭਾਇਆ ਹੈ, ਸਗੋਂ ਮਿਸਾਲ ਵੀ ਪੈਦਾ ਕੀਤੀ ਹੈ।
ਕਾਸ਼ੀਪੁਰ: ਕਾਸ਼ੀਪੁਰ ਤੋਂ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜੋ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕਰ ਰਹੀ ਹੈ। ਇੱਥੇ ਇੱਕ ਹਿੰਦੂ ਪਰਿਵਾਰ ਦੀਆਂ ਦੋ ਭੈਣਾਂ ਨੇ ਆਪਣੀ 4 ਵਿੱਘੇ ਜ਼ਮੀਨ ਈਦਗਾਹ ਲਈ ਦਾਨ ਕੀਤੀ ਹੈ। ਦਰਅਸਲ ਆਪਣੇ ਮਰਹੂਮ ਪਿਤਾ ਦੀ ਆਖਰੀ ਇੱਛਾ ਪੂਰੀ ਕਰਨ ਲਈ ਇਨ੍ਹਾਂ ਦੋਹਾਂ ਭੈਣਾਂ ਨੇ ਈਦਗਾਹ ਦੇ ਵਿਸਥਾਰ ਲਈ 4 ਵਿੱਘੇ ਜ਼ਮੀਨ ਦਾਨ ਕਰਕੇ ਨਾ ਸਿਰਫ ਇਕ ਧੀ ਹੋਣ ਦਾ ਫਰਜ਼ ਨਿਭਾਇਆ ਹੈ, ਸਗੋਂ ਮਿਸਾਲ ਵੀ ਪੈਦਾ ਕੀਤੀ ਹੈ।
ਇਹਨਾਂ ਦੋਹਾਂ ਧੀਆਂ ਅਤੇ ਪਿਤਾ ਲਾਲਾ ਬ੍ਰਿਜਾਨੰਦਨ ਪ੍ਰਸਾਦ ਰਸਤੋਗੀ ਦੇ ਪਰਿਵਾਰ ਦੀ ਕਾਸ਼ੀਪੁਰ ਦੀ ਈਦਗਾਹ ਮੈਦਾਨ ਕੋਲ ਵਾਹੀਯੋਗ ਜ਼ਮੀਨ ਹੈ। ਇਸ ਜ਼ਮੀਨ 'ਤੇ ਖਾਤਾ ਨੰਬਰ 827 (1) ਅਤੇ (2) ਦੇ ਕਰੀਬ 4 ਵਿੱਘੇ ਈਦਗਾਹ ਦੀ ਹੱਦ ਦੇ ਨਾਲ ਲੱਗਦੇ ਹਨ। 25 ਜਨਵਰੀ 2003 ਨੂੰ ਬ੍ਰਿਜਾਨੰਦਨ ਰਸਤੋਗੀ ਨੇ ਆਪਣੀ ਮੌਤ ਤੋਂ ਪਹਿਲਾਂ ਇਹ ਜ਼ਮੀਨ ਈਦਗਾਹ ਲਈ ਦਾਨ ਕਰਨ ਦੀ ਇੱਛਾ ਪ੍ਰਗਟਾਈ ਸੀ ਪਰ ਇਹ ਜ਼ਮੀਨ ਉਨ੍ਹਾਂ ਦੀਆਂ ਦੋ ਧੀਆਂ ਸਰੋਜ ਰਸਤੋਗੀ ਅਤੇ ਅਨੀਤਾ ਰਸਤੋਗੀ ਦੇ ਨਾਂ 'ਤੇ ਸੀ।
ਬ੍ਰਿਜਾਨੰਦਨ ਪ੍ਰਸਾਦ ਰਸਤੋਗੀ ਨੇ ਸਾਬਕਾ ਸੰਸਦ ਮੈਂਬਰ (ਹੁਣ ਮਰਹੂਮ) ਸਤੇਂਦਰ ਚੰਦਰ ਗੁਡੀਆ ਨੂੰ ਵੀ ਆਪਣੀ ਇੱਛਾ ਜ਼ਾਹਰ ਕੀਤੀ ਸੀ। ਬ੍ਰਿਜਨੰਦਨ ਦਾ ਈਦਗਾਹ ਕਮੇਟੀ ਦੇ ਅਹੁਦੇਦਾਰਾਂ ਨਾਲ ਬਹੁਤ ਗੂੜ੍ਹਾ ਰਿਸ਼ਤਾ ਸੀ। ਉਹ ਹਰ ਸਾਲ ਈਦਗਾਹ ਲਈ ਕੁੱਝ ਨਾ ਕੁੱਝ ਦਾਨ ਵੀ ਦਿੰਦੇ ਸਨ। ਬ੍ਰਿਜਨੰਦਨ ਦੀ ਮੌਤ ਤੋਂ ਬਾਅਦ ਜਦੋਂ ਦੋਵੇਂ ਭੈਣਾਂ ਨੂੰ ਪਿਤਾ ਦੀ ਇਸ ਇੱਛਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਭਰਾ ਰਾਕੇਸ਼ ਰਸਤੋਗੀ ਦੀ ਮਦਦ ਨਾਲ ਕਮੇਟੀ ਦੇ ਪ੍ਰਧਾਨ ਹਸੀਨ ਖਾਨ ਕੋਲ ਪਹੁੰਚ ਕੇ ਈਦਗਾਹ ਦੇ ਨਾਲ ਲੱਗਦੀ ਜ਼ਮੀਨ ਦਾਨ ਕਰਨ ਦੀ ਇੱਛਾ ਪ੍ਰਗਟਾਈ।
ਫਿਲਹਾਲ ਸਰੋਜ ਦਾ ਪਰਿਵਾਰ ਮੇਰਠ 'ਚ ਰਹਿੰਦਾ ਹੈ ਅਤੇ ਅਨੀਤਾ ਦਾ ਪਰਿਵਾਰ ਦਿੱਲੀ 'ਚ ਰਹਿੰਦਾ ਹੈ। ਦੋਵਾਂ ਦੀ ਸਹਿਮਤੀ 'ਤੇ ਸਰੋਜ ਦੇ ਪਤੀ ਸੁਰਿੰਦਰ ਵੀਰ ਰਸਤੋਗੀ ਅਤੇ ਬੇਟੇ ਵੀਰ ਰਸਤੋਗੀ ਦੇ ਨਾਲ-ਨਾਲ ਅਨੀਤਾ ਰਸਤੋਗੀ ਦੇ ਬੇਟੇ ਅਭਿਸ਼ੇਕ ਰਸਤੋਗੀ ਨੇ ਕਾਸ਼ੀਪੁਰ ਪਹੁੰਚ ਕੇ ਪਤਵੰਤਿਆਂ ਦੀ ਹਾਜ਼ਰੀ 'ਚ ਜ਼ਮੀਨ ਦੀ ਮੀਟਰਿੰਗ ਕਰਵਾਈ ਅਤੇ ਈਦਗਾਹ ਦੇ ਨਾਲ ਲੱਗਦੀ ਜ਼ਮੀਨ ਕਮੇਟੀ ਨੂੰ ਦਾਨ ਕਰ ਦਿੱਤੀ। ਕਮੇਟੀ ਨੇ ਜ਼ਮੀਨ ’ਤੇ ਬਾਊਂਡਰੀ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ।
ਉਹਨਾਂ ਵੱਲੋਂ ਦਾਨ ਕੀਤੀ ਇਸ ਜ਼ਮੀਨ ਨਾਲ ਵਿਸ਼ੇਸ਼ ਭਾਈਚਾਰੇ ਦੇ ਲੋਕ ਬਹੁਤ ਖੁਸ਼ ਹਨ ਤੇ ਉਹਨਾਂ ਦਾ ਧੰਨਵਾਦ ਕਰ ਰਹੇ ਹਨ। ਈਦਗਾਹ ਕਮੇਟੀ ਦੇ ਹਸੀਨ ਖਾਨ ਨੇ ਕਿਹਾ, ''ਦੋਵੇਂ ਭੈਣਾਂ ਫਿਰਕੂ ਏਕਤਾ ਦੀਆਂ ਜਿਉਂਦੀ ਜਾਗਦੀ ਮਿਸਾਲ ਹੈ। ਈਦਗਾਹ ਕਮੇਟੀ ਉਨ੍ਹਾਂ ਦੀ ਇਸ ਉਦਾਰਤਾ ਲਈ ਉਨ੍ਹਾਂ ਦਾ ਧੰਨਵਾਦ ਕਰਦੀ ਹੈ। ਦੋਵਾਂ ਭੈਣਾਂ ਨੂੰ ਜਲਦੀ ਹੀ ਵਧਾਈ ਦਿੱਤੀ ਜਾਵੇਗੀ।