
2011 ਵਿੱਚ IAF ਵਿੱਚ ਹੋਏ ਸੀ ਸ਼ਾਮਲ
Punch Terror Attack : ਬੀਤੇ ਦਿਨ ਜੰਮੂ-ਕਸ਼ਮੀਰ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਸੀ। ਪੁੰਛ 'ਚ ਹਵਾਈ ਫੌਜ ਦੇ ਵਾਹਨ 'ਤੇ ਅੱਤਵਾਦੀ ਹਮਲਾ ਹੋਇਆ ਹੈ, ਜਿਸ 'ਚ 5 ਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਓਥੇ ਹੀ ਦੇਰ ਸ਼ਾਮ ਨੂੰ ਇਲਾਜ ਦੌਰਾਨ ਜ਼ਖਮੀ ਜਵਾਨਾਂ 'ਚੋਂ ਇੱਕ ਵਿੱਕੀ ਪਹਾੜੇ ਸ਼ਹੀਦ ਹੋ ਗਿਆ। ਵਿੱਕੀ ਦੀ ਸ਼ਹਾਦਤ ਨੇ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਾਇਆ ਹੈ। ਮਾਂ ਤੋਂ ਲੈ ਕੇ ਪਤਨੀ , ਬੱਚੇ ਅਤੇ ਭੈਣ ਦਾ ਵੀ ਰੋ -ਰੋ ਬੁਰਾ ਹਾਲ ਹੈ।
2011 ਵਿੱਚ IAF ਵਿੱਚ ਹੋਏ ਸੀ ਸ਼ਾਮਲ
ਮੱਧ ਪ੍ਰਦੇਸ਼ ਦੇ ਛਿੰਦਵਾੜਾ 'ਚ ਰਹਿਣ ਵਾਲੇ ਵਿੱਕੀ ਪਹਾੜੇ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫੌਜ 'ਚ ਭਰਤੀ ਹੋਣ ਦਾ ਸੁਪਨਾ ਦੇਖਿਆ। 2011 ਵਿੱਚ ਉਸ ਨੇ ਇਹ ਸੁਪਨਾ ਸਾਕਾਰ ਕੀਤਾ। ਵਿੱਕੀ ਪਹਾੜੇ 2011 ਵਿੱਚ ਭਾਰਤੀ ਹਵਾਈ ਸੈਨਾ (IAF) ਦਾ ਹਿੱਸਾ ਬਣੇ ਸੀ। ਵਿੱਕੀ ਸ਼ਾਦੀਸ਼ੁਦਾ ਸੀ ਅਤੇ ਉਸ ਦਾ 5 ਸਾਲ ਦਾ ਬੇਟਾ ਹੈ ,ਜਿਸ ਦਾ ਨਾਮ ਹਾਰਦਿਕ ਹੈ।
2 ਦਿਨਾਂ ਬਾਅਦ ਮਨਾਉਣਾ ਸੀ ਬੇਟੇ ਦਾ ਜਨਮ ਦਿਨ
ਖਬਰਾਂ ਦੀ ਮੰਨੀਏ ਤਾਂ ਵਿੱਕੀ ਪਹਾੜੇ ਦੀ ਛੋਟੀ ਭੈਣ ਦੀ ਕੁਝ ਦਿਨ ਪਹਿਲਾਂ ਮੰਗਣੀ ਹੋਈ ਹੈ। ਅਜਿਹੇ 'ਚ ਇਕ ਮਹੀਨੇ ਦੀ ਲੰਬੀ ਛੁੱਟੀ ਕੱਟਣ ਤੋਂ ਬਾਅਦ ਵਿੱਕੀ 18 ਅਪ੍ਰੈਲ ਨੂੰ ਡਿਊਟੀ 'ਤੇ ਪਰਤਿਆ ਸੀ। ਵਿੱਕੀ ਨੇ 7 ਮਈ ਨੂੰ ਮੁੜ ਛਿੰਦਵਾੜਾ ਆਉਣਾ ਸੀ। ਦਰਅਸਲ, ਦੋ ਦਿਨ ਬਾਅਦ ਵਿੱਕੀ ਦੇ ਬੇਟੇ ਹਾਰਦਿਕ ਦਾ ਜਨਮ ਦਿਨ ਹੈ। ਇਸ ਲਈ ਵਿੱਕੀ ਨੇ ਪਹਿਲਾਂ ਹੀ ਛੁੱਟੀ ਲਈ ਅਰਜ਼ੀ ਦਿੱਤੀ ਹੋਈ ਸੀ ਅਤੇ ਉਹ 7 ਮਈ ਨੂੰ ਛਿੰਦਵਾੜਾ ਪਹੁੰਚ ਕੇ ਆਪਣੇ ਪੁੱਤਰ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ।
ਦੱਸ ਦੇਈਏ ਕਿ 2023 'ਚ ਜੰਮੂ-ਕਸ਼ਮੀਰ ਦੇ ਸੂਰਨਕੋਟ ਇਲਾਕੇ 'ਚ ਫੌਜ ਦੇ ਕਾਫਲੇ 'ਤੇ ਹਮਲਾ ਹੋਇਆ ਸੀ, ਜਿਸ 'ਚ 5 ਜਵਾਨ ਸ਼ਹੀਦ ਹੋ ਗਏ ਸਨ। ਇਸ ਦੌਰਾਨ ਅੱਤਵਾਦੀਆਂ ਨੇ ਅਮਰੀਕਾ ਦੀ ਐਮ-4 ਕਾਰਬਨ ਅਸਾਲਟ ਰਾਈਫਲ ਦੀ ਵਰਤੋਂ ਕਰਕੇ ਜਵਾਨਾਂ 'ਤੇ ਗੋਲੀਬਾਰੀ ਕੀਤੀ ਸੀ। ਲਸ਼ਕਰ-ਏ-ਤੋਇਬਾ ਦੀ ਸ਼ਾਖਾ ਪੀਏਐਫਐਫ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਵਾਰ ਵੀ ਫੌਜ ਨੂੰ ਸ਼ੱਕ ਹੈ ਕਿ ਹਵਾਈ ਫੌਜ ਦੇ ਵਾਹਨ 'ਤੇ ਹਮਲੇ ਦੇ ਪਿੱਛੇ ਉਸੇ ਅੱਤਵਾਦੀ ਸੰਗਠਨ ਦਾ ਹੱਥ ਹੈ।