
ਸਰਕਾਰ ਨੇ ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਦੋਸ਼ਾਂ ਕਾਰਨ ਟਰਾਂਸਫਰ ਕੀਤੇ ਗਏ ਵਿਵਾਦਤ ਐਸਐਸਪੀ ਰਾਜਜੀਤ ਸਿੰਘ ਦੀ ਜਗ੍ਹਾ ਸੋਮਵਾਰ ਨੂੰ ਨਵੇਂ ...
ਚੰਡੀਗੜ੍ਹ : ਸਰਕਾਰ ਨੇ ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਦੋਸ਼ਾਂ ਕਾਰਨ ਟਰਾਂਸਫਰ ਕੀਤੇ ਗਏ ਵਿਵਾਦਤ ਐਸਐਸਪੀ ਰਾਜਜੀਤ ਸਿੰਘ ਦੀ ਜਗ੍ਹਾ ਸੋਮਵਾਰ ਨੂੰ ਨਵੇਂ ਐਸਐਸਪੀ ਕਮਲਜੀਤ ਸਿੰਘ ਢਿੱਲੋਂ ਨੂੰ ਤਾਇਨਾਤ ਕੀਤਾ ਗਿਆ ਸੀ ਪਰ ਹੁਣ ਉਹ ਵੀ ਵਿਵਾਦਾਂ ਦੇ ਘੇਰੇ ਵਿਚ ਆ ਗਏ ਹਨ। ਉਨ੍ਹਾਂ 'ਤੇ ਨਸ਼ੇ ਦੇ ਇਕ ਕੇਸ ਵਿਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਹੈ। ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਰਿਪੋਰਟ ਤਲਬ ਕੀਤੀ ਹੈ। ਦਸ ਦਈਏ ਕਿ ਕਮਲਜੀਤ ਸਿੰਘ ਢਿੱਲੋਂ 'ਤੇ ਕਈ ਮਾਮਲੇ ਦਰਜ ਹਨ।
Raj Jit Singh
ਜਾਣਕਾਰੀ ਅਨੁਸਾਰ ਕਮਲਜੀਤ ਢਿੱਲੋਂ ਨੇ ਐਸਪੀ ਹੁੰਦਿਆਂ ਐਸਐਚਓ ਤਲਵਿੰਦਰਜੀਤ ਸਿੰਘ ਨਾਲ ਮਿਲ ਕੇ ਅਬੋਹਰ ਪਿੰਡ ਪੱਤਰਿਆਂ ਵਾਲੀ ਵਿਚੋਂ ਲੱਭੇ ਸੋਨਾ ਚਾਂਦੀ ਦੇ ਗਹਿਣੇ ਅਤੇ ਸਿੱਕਿਆਂ ਦੇ ਖ਼ਜ਼ਾਨੇ ਦੀ ਕਰੀਬ 36 ਲੱਖ ਰੁਪਏ ਦੀ ਰਕਮ ਨੂੰ ਖ਼ੁਰਦ ਬੁਰਦ ਕਰ ਦਿਤਾ ਸੀ। ਇਨ੍ਹਾਂ ਇਲਜ਼ਾਮਾਂ ਦੇ ਚਲਦਿਆਂ ਉਨ੍ਹਾਂ 'ਤੇ ਮੁਕੱਦਮਾ ਦਾਇਰ ਹੋÎਇਆ ਸੀ ਅਤੇ ਉਨ੍ਹਾਂ ਨੂੰ ਐਸਪੀ ਤੋਂ ਡੀਐਸਪੀ ਰਿਵਰਟ ਕਰ ਦਿਤਾ ਸੀ।
Dinkar Gupta, DGP
ਇਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਚੰਡੀਗੜ੍ਹ ਨੇ ਵੀ ਕਮਲਜੀਤ ਸਿੰਘ ਢਿੱਲੋਂ 'ਤੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦਾ ਕੇਸ ਖਰੜ ਵਿਖੇ ਦਰਜ ਕਰਵਾਇਆ ਹੋਇਆ ਹੈ। ਇਥੇ ਹੀ ਬਸ ਨਹੀਂ, ਢਿੱਲੋਂ 'ਤੇ ਮੋਗਾ ਵਿਖੇ ਤਾਇਨਾਤੀ ਸਮੇਂ ਨਸ਼ਾ ਤਸਕਰਾਂ ਨਾਲ ਮਿਲ ਕੇ ਸਮਗਲਿੰਗ ਕਰਨ ਦੇ ਗੰਭੀਰ ਦੋਸ਼ ਵੀ ਹਨ। ਇਸ ਮਾਮਲੇ ਵਿਚ ਕਈ ਦੋਸ਼ੀਆਂ ਨੂੰ ਫੜਿਆ ਗਿਆ ਸੀ, ਜਿਨ੍ਹਾਂ ਤੋਂ ਢਿੱਲੋਂ ਅਤੇ ਐਸਐਚਓ ਬਾਘਾਪੁਰਾਣਾ ਅਮਰਜੀਤ ਸਿੰਘ ਨੇ ਇਕ ਕਰੋੜ ਤੋਂ ਵੀ ਜ਼ਿਆਦਾ ਦੀ ਰਿਸ਼ਵਤ ਲਈ। ਇਸ ਦੇ ਨਾਲ ਹੀ ਇਸੇ ਮਾਮਲੇ ਵਿਚ ਪੋਸਤ ਫੜਾਉਣ ਵਾਲੇ ਮੁਖ਼ਬਰ 'ਤੇ ਵੀ ਮੁਕੱਦਮਾ ਦਰਜ ਕੀਤਾ ਗਿਆ।
Suresh arora, DGP Punjab
ਪਰ ਜਦੋਂ ਇਕ ਚੌਂਕੀ ਇੰਚਾਰਜ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੇ ਵਿਰੁਧ ਵੀ ਮੁਕੱਦਮਾ ਦਰਜ ਕਰ ਦਿਤਾ ਅਤੇ ਉਸ ਦੇ ਪਰਵਾਰ ਨੂੰ ਡਰਾ ਕੇ 40 ਲੱਖ ਰੁਪਏ ਲੈ ਲਏ ਜੋ ਉਨ੍ਹਾਂ ਨੇ ਜ਼ਮੀਨ ਵੇਚ ਕੇ ਦਿਤੇ। 5 ਲੱਖ ਰੁਪਏ ਚੌਂਕੀ ਇੰਚਾਰਜ ਦੀ ਭੂਆ ਦੇ ਮੁੰਡੇ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖ ਕੇ ਲੈ ਲਏ। ਦਸ ਦਈਏ ਕਿ ਜਦੋਂ ਇਸ ਬਾਰੇ ਡੀਜੀਪੀ ਸੁਮੇਧ ਸੈਣੀ ਨੂੰ ਪਤਾ ਲੱਗਾ ਸੀ ਤਾਂ ਉਨ੍ਹਾਂ ਨੇ ਇਹ ਪੈਸੇ ਕਮਲਜੀਤ ਢਿੱਲੋਂ ਪਾਸੋਂ ਵਾਪਸ ਕਰਵਾ ਦਿਤੇ ਸਨ। ਇਸ ਤੋਂ ਇਲਾਵਾ ਥਾਣਾ ਫਿਲੌਰ ਵਿਖੇ ਇਕ ਟਰੱਕ ਪੋਸਤ ਦਾ ਬਰਾਮਦ ਹੋਣ 'ਤੇ ਦੋਸ਼ੀਆਂ ਦੀ ਪੁਛਗਿਛ ਦੌਰਾਨ ਉਸ ਦੀ ਮਿਲੀਭੁਗਤ ਸਾਹਮਣੇ ਆਈ।
Capt. Amarinder singh
ਇਸ ਮਾਮਲੇ ਵਿਚ ਵੀ ਢਿੱਲੋਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਸ ਚੌਂਕੀ ਇੰਚਾਰਜ ਵਿਰੁਧ ਕਮਲਜੀਤ ਢਿੱਲੋਂ ਨੇ ਮਾਮਲਾ ਦਰਜ ਕੀਤਾ ਸੀ, ਉਸ ਕੋਲ 178 ਪ੍ਰਸ਼ੰਸਾ ਪੱਤਰ ਹਨ ਜੋ ਫਿਰੋਜ਼ਪੁਰ, ਬਠਿੰਡਾ ਰੇਂਜ ਵਿਚ ਸਾਰਿਆਂ ਤੋਂ ਵਧ ਹਨ। ਉਸ ਨੂੰ 2 ਵਾਰ 15 ਅਗਸਤ ਅਤੇ 2 ਵਾਰ 26 ਜਨਵਰੀ ਦੇ ਸਮਾਗਮਾਂ ਵਿਚ ਸਨਮਾਨਤ ਕੀਤਾ ਜਾ ਚੁੱਕਿਆ ਹੈ। ਹੈਰਾਨੀ ਦੀ ਗੱਲ ਹੈ ਕਿ ਜਿਹੜੇ ਅਫ਼ਸਰਾਂ ਨੂੰ ਉਪਰ ਲਿਆਉਣ ਦੀ ਲੋੜ ਹੈ, ਉਨ੍ਹਾਂ ਨੂੰ ਦਬਾਇਆ ਜਾ ਰਿਹਾ ਹੈ, ਜਦਕਿ ਭ੍ਰਿਸ਼ਟਾਚਾਰੀ ਅਫ਼ਸਰਾਂ ਨੂੰ ਤਰੱਕੀਆਂ ਦਿਤੀਆਂ ਜਾ ਰਹੀਆਂ ਹਨ।
Raj jit singh
ਨਸ਼ਿਆਂ ਵਿਰੁਧ ਜੇਕਰ ਇਕ ਐਸਐਸਪੀ ਕਮਲਜੀਤ ਸਿੰਘ ਢਿੱਲੋਂ ਪੈਸੇ ਦੇ ਲਾਲਚ ਵਿਚ ਇਤਲਾਹ ਦੇਣ ਵਾਲਿਆਂ ਵਿਰੁਧ ਹੀ ਮਾਮਲਾ ਦਰਜ ਕਰੇਗਾ ਤਾਂ ਉਸ ਨੂੰ ਕਿਵੇਂ ਕੋਈ ਨਸ਼ਿਆਂ ਵਿਰੁਧ ਇਤਲਾਹ ਦੇਵੇਗਾ? ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਵਲੋਂ ਮੋਗਾ ਦੇ ਸਾਬਕਾ ਐਸਐਸਪੀ ਰਾਜਜੀਤ ਸਿੰਘ ਨੂੰ ਬਚਾਉਣ ਲਈ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਸੁਰੇਸ਼ ਅਰੋੜਾ ਅਤੇ ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਦੇ ਵਿਰੁਧ ਜਾਂਚ ਕਰਵਾਉਣ ਦੀ ਮੰਗ ਨੂੰ ਮੁੱਖ ਮੰਤਰੀ ਨੇ ਸਿਰੇ ਤੋਂ ਨਾਕਾਰ ਦਿਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਇਮਾਨਦਾਰੀ 'ਤੇ ਮੈਨੂੰ ਪੂਰਾ ਵਿਸ਼ਵਾਸ ਹੈ। ਮੁੱਖ ਮੰਤਰੀ ਨੇ ਕਿਹਾ ਕਿ ਤਿੰਨ ਵੱਡੇ ਡੀਲਰ ਭਾਰਤ ਤੋਂ ਫ਼ਰਾਰ ਹੋ ਗਏ ਹਨ ਅਤੇ ਇਨ੍ਹਾਂ ਦੀ ਪਹਿਚਾਣ ਕਰ ਲਈ ਗਈ ਹੈ।
amarinder singh
ਉਨ੍ਹਾਂ ਦਸਿਆ ਕਿ ਪੁਲਿਸ ਅਤੇ ਹੋਰ ਏਜੰਸੀਆਂ ਉਨ੍ਹਾਂ ਦੀ ਭਾਲ ਕਰ ਰਹੀਆਂ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਨਸ਼ੇ ਦੀ ਸਮੱਸਿਆ ਨੂੰ ਨਕੇਲ ਕਸਣ ਲਈ ਕਿਸੇ ਵੀ ਤਰ੍ਹਾਂ ਦੀ ਢਿੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਸ਼ੇ ਦੇ ਵਪਾਰ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਦੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਹਰ ਸੋਮਵਾਰ ਨੂੰ ਨਿੱਜੀ ਤੌਰ 'ਤੇ ਇਸ ਮਾਮਲੇ ਵਿਚ ਹੋਈ ਪ੍ਰਗਤੀ ਦਾ ਜਾਇਜ਼ਾ ਲੈਣਗੇ।