
ਘਟਨਾ ਸੀਸੀਟੀਵੀ 'ਚ ਹੋਈ ਕੈਦ
ਪੰਚਕੂਲਾ : ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਸੈਕਟਰ 11 ਸਥਿਤ ਕੋਕੋ ਕੈਫੇ ਐਂਡ ਲੌਂਜ ਦੇ ਬਾਹਰ ਮੰਗਲਵਾਰ ਤੜਕੇ 4.30 ਵਜੇ ਗੋਲੀਬਾਰੀ ਕੀਤੀ ਗਈ। ਮੁਲਜ਼ਮ ਨੌਜਵਾਨ ਦੀ ਪਛਾਣ ਹੋ ਗਈ ਹੈ ਪਰ ਹਾਲੇ ਤੱਕ ਉਹ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੰਚਕੂਲਾ ਸੈਕਟਰ 5 ਥਾਣੇ ਦੇ ਐਸਐਚਓ ਸੁਖਵੀਰ ਸਿੰਘ ਵਿਰਕ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗੋਲੀਬਾਰੀ 'ਚ ਦੋਸ਼ੀ ਦਾ ਇੱਕ ਦੋਸਤ ਅਤੇ ਬਾਊਂਸਰ ਜ਼ਖਮੀ ਹੋ ਗਏ ਹਨ। ਉਥੇ ਲੱਗੇ ਸੀ.ਸੀ.ਟੀ.ਵੀ. ਵਿਚ ਮੁਲਜ਼ਮ ਦੀ ਪਛਾਣ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਮੋਹਿਤ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹੈ। ਉਹ ਤਿੰਨ ਦੋਸਤਾਂ ਨਾਲ ਕਲੱਬ ਆਇਆ ਸੀ। ਉਸ ਦੇ ਨਾਲ ਇੱਕ ਕੁੜੀ ਸੀ। ਸੀਸੀਟੀਵੀ ਫੁਟੇਜ ਮੁਤਾਬਕ ਮੋਹਿਤ ਸਵੇਰੇ ਕਰੀਬ 4.40 ਵਜੇ ਆਪਣੀ ਮਹਿਲਾ ਦੋਸਤ ਨਾਲ ਕਲੱਬ ਦੇ ਬਾਹਰ ਆਉਂਦਾ ਦਿਖਾਈ ਦੇ ਰਿਹਾ ਹੈ। ਫਿਰ ਪਿਸਤੌਲ ਕੱਢ ਕੇ ਫਾਇਰ ਕਰ ਦਿੰਦਾ ਹੈ। ਗੋਲੀ ਗਲਤੀ ਨਾਲ ਉਸਦੇ ਜਾਣਕਾਰ ਦੀ ਲੱਤ ਵਿੱਚ ਲੱਗ ਗਈ। ਇਸ ਤੋਂ ਬਾਅਦ ਉਸ ਨੇ ਕਿਸੇ 'ਤੇ ਦੋ ਫਾਇਰ ਕੀਤੇ।
ਇਸ ਗੋਲੀਬਾਰੀ ਵਿੱਚ ਮੋਹਿਤ ਨੂੰ ਕਲੱਬ ਵਿੱਚ ਦਾਖ਼ਲ ਹੋਣ ਤੋਂ ਰੋਕਣ ਵਾਲਾ ਇੱਕ ਬਾਊਂਸਰ ਨਰੇਸ਼ ਸ਼ਰਮਾ ਵੀ ਜ਼ਖ਼ਮੀ ਹੋ ਗਿਆ। ਉਸ ਦੇ ਖੱਬੇ ਹੱਥ ਵਿੱਚ ਡੂੰਘੀ ਸੱਟ ਲੱਗੀ ਹੈ। ਪੰਚਕੂਲਾ ਸੈਕਟਰ 5 ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਾਊਂਸਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮੌਕੇ ਤੋਂ ਦੋ ਖੋਲ ਵੀ ਬਰਾਮਦ ਕੀਤੇ ਹਨ।
ਇਸ ਦੇ ਨਾਲ ਹੀ ਆਬਕਾਰੀ ਵਿਭਾਗ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਇਸ ਮਾਮਲੇ ਵਿੱਚ ਪੰਚਕੂਲਾ ਪੁਲਿਸ ਨੇ ਦੋ ਕੇਸ ਦਰਜ ਕੀਤੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਰਾਤ 1 ਵਜੇ ਤੋਂ ਵੱਧ ਸਮੇਂ ਤੱਕ ਕਲੱਬ ਨੂੰ ਖੁੱਲ੍ਹਾ ਰੱਖਣ ਵਾਲੇ ਇਸ ਨਾਈਟ ਕਲੱਬ ਦੇ ਮਾਲਕ ਖ਼ਿਲਾਫ਼ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ।