
ਕਾਂਗਰਸ ਆਗੂ ਰਾਹੁਲ ਗਾਂਧੀ ਅਲੀਗੜ੍ਹ ਪਹੁੰਚੇ, ਹਾਥਰਸ ’ਚ ਭਾਜੜ ’ਚ ਮਾਰੇ ਗਏ ਲੋਕਾਂ ਦੇ ਪਰਵਾਰਾਂ ਨਾਲ ਕੀਤੀ ਮੁਲਾਕਾਤ
Hathras stampede: ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਹਾਥਰਸ ’ਚ ਭਾਜੜ ਦੀ ਘਟਨਾ ਦੇ ਮਾਮਲੇ ’ਚ ਪ੍ਰਸ਼ਾਸਨ ਕੋਲੋਂ ਲਾਪਰਵਾਹੀ ਹੋਈ ਸੀ। ਕਾਂਗਰਸ ਨੇਤਾ ਨੇ ਇਹ ਵੀ ਕਿਹਾ ਕਿ ਉਹ ਇਸ ਨੂੰ ‘ਸਿਆਸੀ’ ਰੰਗ ਨਹੀਂ ਦੇਣਾ ਚਾਹੁੰਦੇ।
ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਪੀਲ ਕੀਤੀ ਕਿ ਉਹ ਪੀੜਤਾਂ ਲਈ ਬਿਨਾਂ ਕਿਸੇ ਦੇਰੀ ਦੇ ਵੱਧ ਤੋਂ ਵੱਧ ਮੁਆਵਜ਼ਾ ਜਾਰੀ ਕਰਨ। ਜ਼ਿਕਰਯੋਗ ਹੈ ਕਿ 2 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਫੁਲਰਾਈ ਪਿੰਡ ’ਚ ਇਕ ਧਾਰਮਕ ਪ੍ਰੋਗਰਾਮ ਦੌਰਾਨ ਭਾਜੜ ਮਚਣ ਨਾਲ 121 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ।
ਸ਼ੁਕਰਵਾਰ ਸਵੇਰੇ ਹਾਥਰਸ ’ਚ ਪੀੜਤ ਪਰਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਇਹ ਦਰਦਨਾਕ ਹੈ ਕਿ ਇੰਨੇ ਸਾਰੇ ਪਰਵਾਰਾਂ ਨੂੰ ਦੁੱਖ ਝੱਲਣਾ ਪਿਆ, ਇੰਨੇ ਸਾਰੇ ਲੋਕਾਂ ਨੇ ਅਪਣੀਆਂ ਜਾਨਾਂ ਗੁਆ ਦਿਤੀਆਂ।’’
ਉਨ੍ਹਾਂ ਕਿਹਾ, ‘‘ਇਹ ਗਰੀਬ ਪਰਵਾਰ ਹਨ ਅਤੇ ਇਹ ਉਨ੍ਹਾਂ ਲਈ ਮੁਸ਼ਕਲ ਸਮਾਂ ਹੈ, ਇਸ ਲਈ ਵੱਧ ਤੋਂ ਵੱਧ ਮੁਆਵਜ਼ਾ ਦਿਤਾ ਜਾਣਾ ਚਾਹੀਦਾ ਹੈ। ਮੈਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਖੁੱਲ੍ਹੇ ਦਿਲ ਨਾਲ ਮੁਆਵਜ਼ਾ ਦੇਣ। ਉਹ ਗਰੀਬ ਲੋਕ ਹਨ ਅਤੇ ਉਨ੍ਹਾਂ ਨੂੰ ਹੁਣ ਇਸ ਦੀ ਜ਼ਰੂਰਤ ਹੈ। ਜੇ ਤੁਸੀਂ ਉਨ੍ਹਾਂ ਨੂੰ ਸਾਲ ਦੇ ਛੇ ਮਹੀਨੇ ਬਾਅਦ ਦਿੰਦੇ ਹੋ ਜਾਂ ਇਸ ’ਚ ਦੇਰੀ ਕਰਦੇ ਹੋ, ਤਾਂ ਇਸ ਨਾਲ ਕਿਸੇ ਨੂੰ ਲਾਭ ਨਹੀਂ ਹੋਵੇਗਾ। ਮੁਆਵਜ਼ਾ ਜਲਦੀ ਤੋਂ ਜਲਦੀ ਦਿਤਾ ਜਾਣਾ ਚਾਹੀਦਾ ਹੈ ਅਤੇ ਜੋ ਵੀ ਦਿਤਾ ਜਾਵੇ ਉਹ ਖੁੱਲ੍ਹੇ ਦਿਲ ਨਾਲ ਦਿਤਾ ਜਾਣਾ ਚਾਹੀਦਾ ਹੈ।’’
ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨਾਲ ਨਿੱਜੀ ਗੱਲਬਾਤ ਹੋਈ ਸੀ। ਉਨ੍ਹਾਂ ਕਿਹਾ, ‘‘ਮ੍ਰਿਤਕਾਂ ਦੇ ਪਰਵਾਰਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਸੀ। ਪੁਲਿਸ ਪ੍ਰਣਾਲੀ ਉਹ ਨਹੀਂ ਸੀ ,ਜੋ ਹੋਣੀ ਚਾਹੀਦੀ ਸੀ। ਉਹ ਉਦਾਸ ਹਨ, ਉਹ ਸਦਮੇ ’ਚ ਹਨ। ਮੈਂ ਉਨ੍ਹਾਂ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ।’’
ਹਾਥਰਸ ’ਚ ਪੀੜਤ ਪਰਵਾਰਾਂ ਨਾਲ ਮੁਲਾਕਾਤ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਅਲੀਗੜ੍ਹ ’ਚ ਵੀ ਪੀੜਤ ਪਰਵਾਰਾਂ ਨਾਲ ਮੁਲਾਕਾਤ ਕੀਤੀ।
ਰਾਹੁਲ ਗਾਂਧੀ ਸਵੇਰੇ ਦਿੱਲੀ ਤੋਂ ਸੜਕ ਰਾਹੀਂ ਹਾਥਰਸ ਲਈ ਰਵਾਨਾ ਹੋਏ। ਇਸ ਮੌਕੇ ਉਨ੍ਹਾਂ ਨਾਲ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੈ ਰਾਏ, ਪਾਰਟੀ ਦੀ ਸੂਬਾ ਇਕਾਈ ਦੇ ਇੰਚਾਰਜ ਅਵਿਨਾਸ਼ ਪਾਂਡੇ, ਪਾਰਟੀ ਬੁਲਾਰੇ ਸੁਪ੍ਰਿਆ ਸ਼੍ਰੀਨੇਤ ਅਤੇ ਹੋਰ ਅਹੁਦੇਦਾਰ ਵੀ ਮੌਜੂਦ ਸਨ। ਉਹ ਸਵੇਰੇ 9 ਵਜੇ ਦੇ ਕਰੀਬ ਹਾਥਰਸ ਦੀ ਵਿਭਵ ਨਗਰ ਕਲੋਨੀ ਦੇ ਗ੍ਰੀਨ ਪਾਰਕ ਪਹੁੰਚੇ। ਪਾਰਕ ਦੇ ਅੰਦਰ ਪਰਵਾਰਾਂ ਨਾਲ ਗੱਲਬਾਤ ਦੌਰਾਨ ਗਾਂਧੀ ਦੇ ਨਾਲ ਰਾਏ ਅਤੇ ਸਥਾਨਕ ਜ਼ਿਲ੍ਹਾ ਪ੍ਰਧਾਨ ਚੰਦਰਗੁਪਤ ਵਿਕਰਮਾਦਿੱਤਿਆ ਵੀ ਸਨ। ਸੀਨੀਅਰ ਕਾਂਗਰਸੀ ਆਗੂ ਸਵੇਰੇ ਕਰੀਬ 7:15 ਵਜੇ ਅਲੀਗੜ੍ਹ ਦੇ ਪਿਲਖਾਨਾ ਪਿੰਡ ਪਹੁੰਚੇ।
ਹਾਥਰਸ ਦੇ ਨਾਈ ਕਾ ਨਗਲਾ ਇਲਾਕੇ ਦੇ ਵਸਨੀਕ ਹਰੀ ਮੋਹਨ ਨੇ ਦਸਿਆ, ‘‘ਰਾਹੁਲ ਗਾਂਧੀ ਨੇ ਸਾਡੇ ਨਾਲ ਗੱਲ ਕਰਨ ਲਈ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਉਹ ਪੀੜਤਾਂ ਲਈ ਮੁਆਵਜ਼ੇ ਦੀ ਰਕਮ ਵਧਾਉਣ ਦੀ ਕੋਸ਼ਿਸ਼ ਕਰਨਗੇ।’’ ਮੋਹਨ ਨੇ ਭਾਜੜ ’ਚ ਅਪਣੀ ਚਾਚੀ ਓਮਵਤੀ (55) ਨੂੰ ਗੁਆ ਦਿਤਾ।
ਇਸ ਦੁਖਾਂਤ ’ਚ ਅਪਣੀ ਦਾਦੀ ਆਸ਼ਾ ਦੇਵੀ (55) ਨੂੰ ਗੁਆਉਣ ਵਾਲੇ ਮੌਤੰਜੈ ਭਾਰਤੀ (22) ਨੇ ਪੱਤਰਕਾਰਾਂ ਨੂੰ ਕਿਹਾ, ‘‘ਉਨ੍ਹਾਂ (ਰਾਹੁਲ ਗਾਂਧੀ) ਨੇ ਸਾਡੇ ਨਾਲ ਗੱਲ ਕੀਤੀ ਅਤੇ ਸਾਡੇ ਮੁੱਦਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਸੰਸਦ ’ਚ ਉਠਾਉਣਗੇ ਤਾਂ ਜੋ ਭਵਿੱਖ ’ਚ ਅਜਿਹੀਆਂ ਘਟਨਾਵਾਂ ਨਾ ਵਾਪਰਨ।’’
ਅਪਣੀ ਭਾਬੀ ਨੂੰ ਗੁਆਉਣ ਵਾਲੀ ਇਕ ਹੋਰ ਔਰਤ ਨੇ ਪੱਤਰਕਾਰਾਂ ਨੂੰ ਕਿਹਾ, ‘‘ਰਾਹੁਲ ਗਾਂਧੀ ਨੇ ਸਾਨੂੰ ਕਿਹਾ ਕਿ (ਕਾਂਗਰਸ) ਪਾਰਟੀ ਸਾਡੀ ਮਦਦ ਕਰੇਗੀ ਅਤੇ ਸਾਨੂੰ ਮਦਦ ਦਾ ਭਰੋਸਾ ਦਿਤਾ। ਉਨ੍ਹਾਂ ਨੇ ਸਾਨੂੰ ਇਹ ਵੀ ਪੁਛਿਆ ਕਿ ਇਹ ਘਟਨਾ ਕਿਵੇਂ ਵਾਪਰੀ।’’