ਉਸ ਦੇ ਤਿੰਨ ਸਾਥੀਆਂ ਸੂਚਾ ਸਿੰਘ, ਬਲਦੇਵ ਸਿੰਘ ਸੰਘਾ ਅਤੇ ਨਾਹਰ ਸਿੰਘ ਨੂੰ 1974 ਵਿਚ ਫਾਂਸੀ 'ਤੇ ਲਟਕਾ ਦਿਤਾ ਗਿਆ ਸੀ
ਰਾਜਸਥਾਨ- ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਮਾਨਕਸਰ 'ਚ ਅੱਜ ਤੜਕੇ 4 ਵਜੇ 'ਚ ਦਇਆ ਸਿੰਘ ਨੇ ਆਖ਼ਰੀ ਸਾਹ ਲਏ। 22 ਸਾਲ ਤੱਕ ਕਾਲ ਕੋਠੜੀ 'ਚ ਰਹਿਣ ਤੋਂ ਬਾਅਦ 1994 'ਚ ਦਇਆ ਸਿੰਘ ਰਿਹਾਅ ਹੋ ਗਿਆ ਸੀ। ਉਸ ਸਮੇਂ ਤੋਂ ਹੀ ਉਹ ਅਪਣੇ ਜੱਦੀ ਪਿੰਡ ਰਹਿ ਰਿਹਾ ਸੀ। ਕੀ ਇਸ ਸਾਜਿਸ਼ ਪਿੱਛੇ ਕਿਸੇ ਸਿਆਸੀ ਨੇਤਾ ਦਾ ਹੱਥ ਸੀ ਕਈ ਵਾਰੀ ਪੁੱਛਣ 'ਤੇ ਵੀ ਉਸ ਨੇ ਇਸ ਬਾਰੇ ਕੋਈ ਭੇਦ ਨਹੀਂ ਖੋਲ੍ਹਿਆ। ਉਨ੍ਹਾਂ ਨੇ ਇਕ ਵਾਰੀ ਇਹ ਵੀ ਕਿਹਾ ਸੀ ਕਿ ਮਰਨ ਤੋਂ ਪਹਿਲਾਂ ਇਹ ਭੇਦ ਖੋਲ੍ਹੇਗਾ, ਪਰ ਨਹੀਂ ਖੋਲ੍ਹਿਆ। ਦਇਆ ਸਿੰਘ ਨੇ ਵਿਆਹ ਨਹੀਂ ਕਰਵਾਇਆ। ਉਹ ਅਪਣੇ ਭਤੀਜੇ ਗੋਲੂ ਕੋਲ ਮਾਨਕਸਰ ਪਿੰਡ 'ਚ ਰਹਿ ਰਿਹਾ ਸੀ। ਸ੍ਰੀ ਗੰਗਾਨਗਰ ਤੋਂ ਜਗਜੀਤ ਸਿੰਘ ਖੱਖ ਨੇ ਜਾਣਕਾਰੀ ਦਿਤੀ।
ਕੈਰੋਂ ਕਾਂਡ ਨਾਲ ਸਬੰਧਤ ਉਸ ਦੇ ਤਿੰਨ ਸਾਥੀਆਂ ਸੂਚਾ ਸਿੰਘ, ਬਲਦੇਵ ਸਿੰਘ ਸੰਘਾ ਅਤੇ ਨਾਹਰ ਸਿੰਘ ਨੂੰ 1974 ਵਿਚ ਫਾਂਸੀ 'ਤੇ ਲਟਕਾ ਦਿਤਾ ਗਿਆ ਸੀ। ਚੌਥੇ ਸਾਥੀ ਢਾਬਾ ਮਾਲਕ ਸੁੱਖ ਲਾਲ ਨੂੰ ਸਹਿ ਦੋਸ਼ੀ ਮੰਨਦੇ ਹੋਏ ਉਮਰ ਕੈਦ ਦੀ ਸਜ਼ਾ ਹੋਈ ਸੀ। ਸੁੱਖ ਲਾਲ ਦੀ ਵੀ ਬਾਅਦ 'ਚ ਮੌਤ ਹੋ ਗਈ ਸੀ। ਦਇਆ ਸਿੰਘ ਕੈਰੋਂ ਕਾਂਡ ਤੋਂ ਬਾਅਦ 7 ਸਾਲ ਫਰਾਰ ਰਿਹਾ ਸੀ। ਉਹ 1972 'ਚ ਬਠਿੰਡਾ ਦੇ ਬੀਘੜ ਪਿੰਡ ਤੋਂ ਫੜਿਆ ਗਿਆ ਸੀ, ਜਿਥੇ ਕਿ ਉਹ ਕਿਸੇ ਜ਼ਿਮੀਂਦਾਰ ਦਾ ਡਰਾਈਵਰ ਬਣ ਕੇ ਦਿਨ ਕੱਟ ਰਿਹਾ ਸੀ।
1978 ਵਿਚ ਰੋਹਤਕ ਦੀ ਅਦਾਲਤ ਨੇ ਦਇਆ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਜੋ ਕਿ ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਵੀ ਸਜ਼ਾ ਬਹਾਲ ਰੱਖੀ ਸੀ। ਤਿੰਨ ਵਾਰੀ ਉਹ ਫਾਂਸੀ ਦੇ ਫੰਦੇ ਤੋਂ ਚਮਤਕਾਰੀ ਢੰਗ ਨਾਲ ਬਚ ਜਾਂਦਾ ਰਿਹਾ। ਦੋ ਵਾਰੀ ਤਾਂ ਉਸ ਦੀ ਆਖਰੀ ਮੁਲਾਕਾਤ ਵੀ ਹੋ ਚੁੱਕੀ ਸੀ ਪਰ ਆਖਰੀ ਪਲਾਂ ’ਚ ਸਟੇਅ ਮਿਲ ਜਾਂਦੀ ਸੀ।