
ਆਪ੍ਰੇਸ਼ਨ ਸੰਧੂਰ ਅਤੇ ਆਪ੍ਰੇਸ਼ਨ ਮਹਾਦੇਵ ਦੀ ਸਫਲਤਾ ’ਤੇ ਵਧਾਈ ਦਿੱਤੀ
ਨਵੀਂ ਦਿੱਲੀ: ਅੱਜ ਦਿੱਲੀ ਦੇ ਸੰਸਦ ਭਵਨ ਕੰਪਲੈਕਸ ਵਿਚ ਐਨ.ਡੀ.ਏ. ਸੰਸਦੀ ਦਲ ਦੀ ਮੀਟਿੰਗ ਹੋਈ। ਇਸ ਵਿਚ ਐਨ.ਡੀ.ਏ. ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪ੍ਰੇਸ਼ਨ ਸੰਧੂਰ ਅਤੇ ਆਪ੍ਰੇਸ਼ਨ ਮਹਾਦੇਵ ਦੀ ਸਫਲਤਾ ’ਤੇ ਵਧਾਈ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਹਾਰ ਪਹਿਨਾਏ ਤੇ ਸੰਸਦ ਮੈਂਬਰਾਂ ਨੇ ‘ਹਰ-ਹਰ ਮਹਾਦੇਵ’, ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਏ।
ਪ੍ਰਧਾਨ ਮੰਤਰੀ ਮੋਦੀ ਨੇ ਵੀ ਸੰਸਦ ਮੈਂਬਰਾਂ ਨੂੰ ਸੰਬੋਧਨ ਕੀਤਾ। ਜਾਣਕਾਰੀ ਅਨੁਸਾਰ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਸੰਸਦ ਵਿਚ ਆਪ੍ਰੇਸ਼ਨ ਸੰਧੂਰ ’ਤੇ ਚਰਚਾ ਦੀ ਮੰਗ ਕਰਕੇ ਗਲਤੀ ਕੀਤੀ। ਉਹ ਇਸ ਵਿਚ ਸ਼ਰਮਿੰਦਾ ਹੋਏ। ਵਿਰੋਧੀ ਧਿਰ ਆਪਣੇ ਪੈਰ ’ਤੇ ਕੁਹਾੜੀ ਮਾਰਨ ਵਿਚ ਮਾਹਰ ਹੈ। ਵਿਰੋਧੀ ਧਿਰ ਨੂੰ ਹਰ ਰੋਜ਼ ਅਜਿਹੀਆਂ ਚਰਚਾਵਾਂ ਕਰਨੀਆਂ ਚਾਹੀਦੀਆਂ ਹਨ, ਅਸੀਂ ਇਸ ਖੇਤਰ ਦੇ ਮਾਹਰ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਵਿਚ ਵੋਟਰ ਸੂਚੀ ਸੋਧ ਦੇ ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਦੇਸ਼ ਦੇ ਲੋਕ ਸਭ ਕੁਝ ਦੇਖ ਰਹੇ ਹਨ। ਪ੍ਰਧਾਨ ਮੰਤਰੀ ਨੇ ਅਮਿਤ ਸ਼ਾਹ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਹੁਣ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਕੇਂਦਰੀ ਗ੍ਰਹਿ ਮੰਤਰੀ ਹਨ।
ਐਨ.ਡੀ.ਏ. ਸੰਸਦ ਮੈਂਬਰਾਂ ਦੀ ਮੀਟਿੰਗ ਵਿਚ ਆਪ੍ਰੇਸ਼ਨ ਸੰਧੂਰ ਦੀ ਸਫ਼ਲਤਾ ’ਤੇ ਸਰਬਸੰਮਤੀ ਨਾਲ ਇਕ ਮਤਾ ਵੀ ਪਾਸ ਕੀਤਾ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਫੌਜੀ ਸ਼ਕਤੀ ਅਤੇ ਮਜ਼ਬੂਤ ਲੀਡਰਸ਼ਿਪ ਰਾਹੀਂ ਇਨਸਾਫ਼ ਹੋਇਆ। ਭਾਰਤ ਅੱਤਵਾਦ ਨੂੰ ਨਾ ਤਾਂ ਭੁੱਲਦਾ ਹੈ ਅਤੇ ਨਾ ਹੀ ਮੁਆਫ਼ ਕਰਦਾ ਹੈ।