
ਜੰਮੂ-ਕਸ਼ਮੀਰ ਦੇ ਪੁੰਛ 'ਚ ਕੰਟਰੋਲ ਰੇਖਾ ਉਤੇ ਸਨ ਬਗ਼ੈਰ ਕਿਸੇ ਉਕਸਾਵੇ ਤੋਂ ਗੋਲੀਬਾਰੀ ਦੀਆਂ ਖ਼ਬਰਾਂ
ਮੇਂਧਰ/ਜੰਮੂ : ਫੌਜ ਨੇ ਮੰਗਲਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ (LoC) 'ਤੇ ਕੋਈ ਜੰਗਬੰਦੀ ਦੀ ਉਲੰਘਣਾ ਨਹੀਂ ਹੋਈ ਹੈ। ਫੌਜ ਨੇ ਇੱਥੇ ਇੱਕ ਬਿਆਨ ਵਿੱਚ ਕਿਹਾ, ‘‘ਪੂੰਛ ਖੇਤਰ ਵਿੱਚ ਜੰਗਬੰਦੀ ਦੀ ਉਲੰਘਣਾ ਬਾਰੇ ਕੁਝ ਮੀਡੀਆ ਅਤੇ ਸੋਸ਼ਲ ਮੀਡੀਆ ਰਿਪੋਰਟਾਂ ਆਈਆਂ ਹਨ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕੰਟਰੋਲ ਰੇਖਾ 'ਤੇ ਕੋਈ ਜੰਗਬੰਦੀ ਦੀ ਉਲੰਘਣਾ ਨਹੀਂ ਹੋਈ ਹੈ। ਕਿਰਪਾ ਕਰਕੇ ਗੈਰ-ਪ੍ਰਮਾਣਿਤ ਜਾਣਕਾਰੀ ਫੈਲਾਉਣ ਤੋਂ ਬਚੋ।’’
ਇਸ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਸਨ ਕਿ ਪਾਕਿਸਤਾਨੀ ਫ਼ੌਜ ਨੇ ਮਈ ’ਚ ਆਪਰੇਸ਼ਨ ਸੰਧੂਰ ਤੋਂ ਬਾਅਦ ਪਹਿਲੀ ਵਾਰ ਜੰਗਬੰਦੀ ਦੀ ਉਲੰਘਣਾ ਕਰਦਿਆਂ ਮੰਗਲਵਾਰ ਸ਼ਾਮ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ ਉਤੇ ਭਾਰਤੀ ਚੌਕੀਆਂ ਉਤੇ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ। ਸੂਤਰਾਂ ਅਨੁਸਾਰ ਭਾਰਤੀ ਫੌਜ ਨੇ ਸਖਤ ਜਵਾਬੀ ਕਾਰਵਾਈ ਕੀਤੀ ਅਤੇ ਮਨਕੋਟ ਸੈਕਟਰ ’ਚ ਦੋਹਾਂ ਧਿਰਾਂ ਵਿਚਾਲੇ ਕਰੀਬ 15 ਮਿੰਟ ਤਕ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਜਾਰੀ ਰਹੀ। ਸੂਤਰਾਂ ਨੇ ਦਸਿਆ ਕਿ ਸਰਹੱਦ ਪਾਰ ਤੋਂ ਗੋਲੀਬਾਰੀ ਸ਼ਾਮ 7:40 ਵਜੇ ਅੱਗੇ ਦੀਆਂ ਚੌਕੀਆਂ ਉਤੇ ਸ਼ੁਰੂ ਹੋਈ ਅਤੇ ਭਾਰਤੀ ਫ਼ੌਜੀਆਂ ਨੇ ਢੁਕਵਾਂ ਜਵਾਬ ਦਿਤਾ। ਹਾਲਾਂਕਿ ਫ਼ੌਜ ਨੇ ਇਨ੍ਹਾਂ ਖ਼ਬਰਾਂ ਨੂੰ ਗ਼ਲਤ ਕਰਾਰ ਦੇ ਦਿਤਾ ਹੈ।
ਅਧਿਕਾਰੀਆਂ ਨੇ ਦਸਿਆ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਅਤੇ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡਣ ਦੀ ਛੇਵੀਂ ਵਰ੍ਹੇਗੰਢ ਦੇ ਮੌਕੇ ਉਤੇ ਜੰਗਬੰਦੀ ਦੀ ਉਲੰਘਣਾ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਨੂੰ ਪੂਰੀ ਸਰਹੱਦ ਉਤੇ ਉੱਚ ਚੌਕਸੀ ਉਤੇ ਰੱਖਿਆ ਗਿਆ ਹੈ।
ਪਹਿਲਗਾਮ ਅਤਿਵਾਦੀ ਹਮਲੇ ਦਾ ਬਦਲਾ ਲੈਣ ਲਈ ਭਾਰਤ ਵਲੋਂ ਸਰਹੱਦ ਪਾਰ ਅਤਿਵਾਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਹਮਲੇ ਕੀਤੇ ਜਾਣ ਤੋਂ ਬਾਅਦ 7 ਤੋਂ 10 ਮਈ ਦਰਮਿਆਨ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵਿਚਾਲੇ ਤਿੱਖੀ ਝੜਪ ਹੋਈ ਸੀ। ਹਾਲਾਂਕਿ, ਦੋਹਾਂ ਦੇਸ਼ਾਂ ਵਿਚਾਲੇ ਸਹਿਮਤੀ ਬਣਨ ਤੋਂ ਬਾਅਦ ਸਰਹੱਦੀ ਝੜਪਾਂ ਖਤਮ ਹੋ ਗਈਆਂ। ਜੰਮੂ-ਕਸ਼ਮੀਰ ’ਚ ਕੰਟਰੋਲ ਰੇਖਾ ਉਤੇ ਪਾਕਿਸਤਾਨੀ ਗੋਲਾਬਾਰੀ, ਮਿਜ਼ਾਈਲ ਅਤੇ ਡਰੋਨ ਹਮਲਿਆਂ ’ਚ ਘੱਟੋ-ਘੱਟ 28 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚੋਂ 13 ਮੌਤਾਂ ਇਕੱਲੇ ਪੁੰਛ ਜ਼ਿਲ੍ਹੇ ’ਚ ਹੋਈਆਂ ਹਨ।