
ਬੱਚੀ ਨੂੰ ਘਰ ਬੁਲਾ ਕੇ ਦਿੱਤਾ ਘਟਨਾ ਨੂੰ ਅੰਜਾਮ
ਪੀਲੀਭੀਤ : ਪੀਲੀਭੀਤ ਦੇ ਥਾਣਾ ਬਰਖੇੜਾ ਖੇਤਰ ਅਧੀਨ ਪੈਂਦੇ ਇੱਕ ਪਿੰਡ 'ਚ ਗੁਆਂਢੀ ਵੱਲੋਂ 11 ਸਾਲ ਦੀ ਬੱਚੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੀਲੀਭੀਤ ਦੇ ਐਸਪੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਸਟੇਸ਼ਨ ਬਰਖੇੜਾ ਖੇਤਰ ਅਧੀਨ ਇੱਕ ਗੁਆਂਢੀ ਵੱਲੋਂ ਨਾਬਾਲਿਗ ਇੱਕ ਲੜਕੀ ਨਾਲ ਬਲਾਤਕਾਰ ਦੀ ਰਿਪੋਰਟ ਮਿਲੀ। ਪੀੜਤ ਲੜਕੀ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ, ਅਤੇ ਕਥਿਤ ਮੁਲਜ਼ਮ ਗੁਆਂਢੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪਰਿਵਾਰਕ ਮੈਂਬਰਾਂ ਦੇ ਹਵਾਲੇ ਤੋਂ ਪੁਲਿਸ ਨੇ ਦੱਸਿਆ ਕਿ ਦੋਸ਼ੀ ਗੁਆਂਢੀ ਨੇ ਸ਼ਨੀਵਾਰ ਨੂੰ ਪੀੜਤਾ ਨੂੰ ਆਪਣੇ ਘਰ ਬੁਲਾ ਕੇ ਬਲਾਤਕਾਰ ਕੀਤਾ। ਪੀੜਤ ਲੜਕੀ ਵੱਲੋਂ ਦੱਸੀ ਘਟਨਾ ਦੇ ਆਧਾਰ 'ਤੇ ਪਰਿਵਾਰਕ ਮੈਂਬਰਾਂ ਨੇ ਥਾਣਾ ਬਰਖੇੜਾ ਵਿਖੇ ਲਿਖਤੀ ਸ਼ਿਕਾਇਤ ਕੀਤੀ।
ਬਰਖੇੜਾ ਪੁਲਿਸ ਅਨੁਸਾਰ, ਦੋਸ਼ੀ ਸਰਵੇਸ਼ (25) ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ, ਅਤੇ ਉਸ ਖ਼ਿਲਾਫ਼ ਪੋਕਸੋ ਐਕਟ ਅਤੇ ਭਾਰਤੀ ਦੰਡਾਵਲੀ ਦੀ ਧਾਰਾ-376 (ਬਲਾਤਕਾਰ) ਦੇ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਹੈ।
ਪੁਲਿਸ ਨੇ ਬਲਾਤਕਾਰ ਦੇ ਕਥਿਤ ਦੋਸ਼ੀ ਸਰਵੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ। ਪੀੜਤ ਲੜਕੀ ਨੂੰ ਮੈਡੀਕਲ ਜਾਂਚ ਅਤੇ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿਖੇ ਭੇਜਿਆ ਗਿਆ ਹੈ।