
ਸ਼੍ਰੀ ਐਚ.ਐਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿਖੇ ਲਿਆਂਦਾ ਗਿਆ ਪੰਡੋਲੇ ਜੋੜਾ
ਮੁੰਬਈ: ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਨਾਲ ਉਹਨਾਂ ਦੀ ਕਾਰ ਵਿੱਚ ਸਫ਼ਰ ਕਰਦੇ ਹਾਦਸੇ ਦਾ ਸ਼ਿਕਾਰ ਹੋਏ ਉੱਘੀ ਗਾਇਨੀਕੋਲੋਜਿਸਟ ਅਨਾਹਿਤਾ ਪੰਡੋਲੇ ਅਤੇ ਉਨ੍ਹਾਂ ਦੇ ਪਤੀ ਡੇਰਿਅਸ ਪੰਡੋਲੇ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਨਾਹਿਤਾ ਪੰਡੋਲੇ ਦੀ ਸਰਜਰੀ ਹੋਵੇਗੀ ਜਦੋਂ ਕਿ ਉਸ ਦੇ ਪਤੀ ਨੂੰ ਆਈ.ਸੀ.ਯੂ. ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਹਾਦਸੇ ਵਿੱਚ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਮੌਤ ਹੋ ਗਈ ਸੀ। ਮਹਾਰਾਸ਼ਟਰ ਦੇ ਜ਼ਿਲ੍ਹਾ ਪਾਲਘਰ 'ਚ ਐਤਵਾਰ ਦੁਪਹਿਰ ਸਾਇਰਸ ਮਿਸਤਰੀ ਦੀ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਮਿਸਤਰੀ (54) ਅਤੇ ਕਾਰ ਦੀ ਪਿਛਲੀ ਸੀਟ 'ਤੇ ਬੈਠੇ ਜਹਾਂਗੀਰ ਪੰਡੋਲੇ ਦੀ ਮੌਤ ਹੋ ਗਈ।
ਹਾਦਸੇ ਵਿੱਚ ਅਨਾਹਿਤਾ ਪੰਡੋਲੇ (55) ਅਤੇ ਉਸ ਦਾ ਪਤੀ ਡੇਰਿਅਸ ਪੰਡੋਲੇ (60) ਗੰਭੀਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਗੁਜਰਾਤ ਦੇ ਵਾਪੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੰਡੋਲੇ ਜੋੜੇ ਨੂੰ ਸੋਮਵਾਰ ਸਵੇਰੇ ਸੜਕੀ ਮਾਰਗ ਰਾਹੀਂ ਮੁੰਬਈ ਦੇ ਸ਼੍ਰੀ ਐਚ.ਐਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਲਿਆਂਦਾ ਗਿਆ। ਹਸਪਤਾਲ ਦੇ ਮੈਡੀਕਲ ਅਫਸਰ ਨੇ ਕਿਹਾ, ''ਅਨਾਹਿਤਾ ਅਤੇ ਉਸ ਦੇ ਪਤੀ ਡੇਰਿਅਸ ਨੂੰ ਸਾਡੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਾਨੂੰ ਅਨਾਹਿਤਾ ਦੀ ਸਰਜਰੀ ਕਰਨੀ ਪਵੇਗੀ ਜਦੋਂ ਕਿ ਡੇਰਿਅਸ ਨੂੰ ਆਈ.ਸੀ.ਯੂ. ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਸੜਕ ਹਾਦਸਾ ਐਤਵਾਰ 3 ਸਤੰਬਰ ਨੂੰ ਵਾਪਰਿਆ ਜਦੋਂ ਅਨਾਹਿਤਾ ਪੰਡੋਲੇ ਮੁੰਬਈ ਤੋਂ ਗੁਜਰਾਤ ਆਉਂਦੇ ਸਮੇਂ ਕਾਰ ਚਲਾ ਰਹੀ ਸੀ। ਇਸੇ ਦੌਰਾਨ ਕਾਰ ਨਦੀ ਦੇ ਪੁਲ 'ਤੇ ਡਿਵਾਈਡਰ ਨਾਲ ਟਕਰਾ ਗਈ। ਉਸ ਦਾ ਪਤੀ ਵੀ ਉਸ ਦੇ ਨਾਲ ਅਗਲੀ ਸੀਟ 'ਤੇ ਬੈਠਾ ਸੀ। ਹਾਦਸੇ ਵਿੱਚ ਮਿਸਤਰੀ (54) ਅਤੇ ਪਿਛਲੀ ਸੀਟ 'ਤੇ ਬੈਠੇ ਜਹਾਂਗੀਰ ਪੰਡੋਲੇ ਦੀ ਮੌਤ ਹੋ ਗਈ।
ਇੱਕ ਪੁਲਿਸ ਅਧਿਕਾਰੀ ਨੇ ਪਹਿਲਾਂ ਇਹ ਵੀ ਕਿਹਾ ਸੀ ਕਿ ਮੁਢਲੀ ਜਾਂਚ ਅਨੁਸਾਰ, ਪੰਡੋਲੇ ਜੋੜੇ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ, ਅਤੇ ਹਾਦਸਾ ਕਾਰ ਦੀ ਤੇਜ਼ ਰਫਤਾਰ ਅਤੇ ਡਰਾਈਵਰ ਦੇ 'ਗ਼ਲਤ ਫ਼ੈਸਲੇ' ਕਾਰਨ ਵਾਪਰਿਆ।