
ਹੜ੍ਹਾਂ ਵਰਗੀ ਬਣੀ ਸਥਿਤੀ
ਬੈਂਗਲੁਰੂ: ਬੈਂਗਲੁਰੂ 'ਚ ਪਿਛਲੇ ਇਕ ਹਫਤੇ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਇੱਥੋਂ ਦੇ ਕਈ ਇਲਾਕਿਆਂ ਵਿੱਚ ਇੰਨਾ ਪਾਣੀ ਭਰ ਗਿਆ ਹੈ ਕਿ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕਿਸ਼ਤੀਆਂ ਦੀ ਮਦਦ ਲਈ ਜਾ ਰਹੀ ਹੈ। ਇੱਥੇ ਵਰਥੁਰ ਉਪਨਗਰ ਵਿੱਚ ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਬੇਲੰਦੂਰ, ਸਰਜਾਪੁਰਾ ਰੋਡ, ਵ੍ਹਾਈਟਫੀਲਡ, ਆਉਟਰ ਰਿੰਗ ਰੋਡ ਅਤੇ ਬੀਈਐਮਐਲ ਲੇਆਉਟ ਸ਼ਾਮਲ ਹਨ। ਇਸ ਤੋਂ ਪਹਿਲਾਂ 30 ਅਗਸਤ ਨੂੰ ਵੀ ਸ਼ਹਿਰ ਵਿੱਚ ਭਾਰੀ ਮੀਂਹ ਪਿਆ ਸੀ। ਉਦੋਂ ਵੀ ਹਾਲਾਤ ਇਹੋ ਜਿਹੇ ਹੀ ਸਨ।
ਮਰਾਠਾਹੱਲੀ ਦੇ ਸਪਾਈਸ ਗਾਰਡਨ ਇਲਾਕੇ 'ਚ ਦੋਪਹੀਆ ਵਾਹਨ ਪਾਣੀ 'ਚ ਤੈਰਦੇ ਦੇਖੇ ਗਏ। ਸਪਾਈਸ ਗਾਰਡਨ ਤੋਂ ਵ੍ਹਾਈਟਫੀਲਡ ਤੱਕ ਪਾਣੀ ਭਰ ਜਾਣ ਕਾਰਨ ਸੜਕ ਨੂੰ ਬੰਦ ਕਰਨਾ ਪਿਆ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਈ ਪੌਸ਼ ਇਲਾਕੇ ਪਹਿਲੀ ਵਾਰ ਹੜ੍ਹ ਦੀ ਮਾਰ ਹੇਠ ਆਏ ਹਨ। ਇੱਥੋਂ ਦੇ ਕਈ ਵਸਨੀਕਾਂ ਨੇ ਮੁੱਖ ਮੰਤਰੀ ਬਸਵਰਾਜ ਬੋਮਈ ਤੋਂ ਮਦਦ ਦੀ ਮੰਗ ਕੀਤੀ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਸਕੂਲਾਂ ਵਿੱਚ ਪਾਣੀ ਭਰ ਗਿਆ। ਬੱਚਿਆਂ ਦੇ ਬੈਗ ਅਤੇ ਕਿਤਾਬਾਂ ਪਾਣੀ ਵਿੱਚ ਤੈਰਦੀਆਂ ਦੇਖੀਆਂ ਗਈਆਂ। ਇੱਥੇ ਬੱਚੇ ਕਲਾਸਰੂਮ ਵਿੱਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰਦੇ ਦੇਖੇ ਗਏ। ਸਕੂਲ ਦੇ ਅਧਿਆਪਕਾਂ ਅਤੇ ਸਟਾਫ਼ ਨੇ ਪਾਣੀ ਵਿੱਚੋਂ ਕਿਤਾਬਾਂ ਅਤੇ ਹੋਰ ਸਾਮਾਨ ਬਾਹਰ ਕੱਢਿਆ।
ਭਾਰੀ ਮੀਂਹ ਦਾ ਅਸਰ ਬੈਂਗਲੁਰੂ ਹਵਾਈ ਅੱਡੇ 'ਤੇ ਵੀ ਦੇਖਣ ਨੂੰ ਮਿਲਿਆ। ਹਵਾਈ ਅੱਡੇ ਦੇ ਮੁੱਖ ਗੇਟ 'ਤੇ ਵੀ ਪਾਣੀ ਭਰ ਗਿਆ। ਬੀਐਮਸੀ ਦੀ ਬੱਸ ਵਾਈਟਫੀਲਡ ਮੇਨ ਰੋਡ ’ਤੇ ਪਾਣੀ ਵਿੱਚ ਫਸ ਗਈ, ਜਿਸ ਨੂੰ ਲੋਕਾਂ ਨੇ ਰੱਸੀ ਨਾਲ ਖਿੱਚਿਆ। ਕਈ ਲੋਕਾਂ ਨੇ ਟਵੀਟ ਕਰਕੇ ਮੁੱਖ ਮੰਤਰੀ ਬਸਵਰਾਜ ਬੋਮਈ 'ਤੇ ਨਿਸ਼ਾਨਾ ਸਾਧਿਆ। ਲੋਕਾਂ ਨੇ ਕਿਹਾ ਕਿ ਹੁਣ ਬੈਂਗਲੁਰੂ ਯੂਰਪੀ ਪੱਧਰ ਦਾ ਸ਼ਹਿਰ ਬਣ ਗਿਆ ਹੈ। ਇੱਥੋਂ ਦੇ ਇਲਾਕੇ ਵੈਨਿਸ ਵਰਗੇ ਲੱਗਣ ਲੱਗ ਪਏ ਹਨ। ਇਕ ਯੂਜ਼ਰ ਨੇ ਕਿਹਾ ਕਿ ਇੰਨਾ ਮਾਲੀਆ ਇਕੱਠਾ ਕਰਨ ਦੇ ਬਾਵਜੂਦ ਬੈਂਗਲੁਰੂ ਦਾ ਬੁਨਿਆਦੀ ਢਾਂਚਾ ਦੇਸ਼ ਦੇ ਸਭ ਤੋਂ ਖਰਾਬ ਬੁਨਿਆਦੀ ਢਾਂਚੇ 'ਚੋਂ ਇਕ ਹੈ।