
ਲੋਕਾਂ ਨੇ ਕੀਤੀ ਅੱਖਾਂ 'ਚ ਜਲਣ ਹੋਣ ਦੀ ਸ਼ਿਕਾਇਤ
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਮੌਨਸੂਨ ਦੇ ਜਾਣ ਤੋਂ ਬਾਅਦ ਹੁਣ ਲਗਾਤਾਰ ਹਵਾ ਪ੍ਰਦੂਸ਼ਣ ਦਾ ਮਿਆਰ ਵੀ ਵੱਧਦਾ ਨਜ਼ਰ ਆ ਰਿਹਾ ਹੈ। ਹਵਾ ਪ੍ਰਦੂਸ਼ਣ ਵਧਣ ਕਾਰਨ ਦਿੱਲੀ-ਐਨਸੀਆਰ ਵਿੱਚ ਵਿਜ਼ੀਬਿਲਟੀ ਵੀ ਕਾਫੀ ਘੱਟ ਗਈ ਹੈ। NCR ਸ਼ਹਿਰਾਂ ਵਿੱਚ ਗੁਣਵੱਤਾ ਸੂਚਕ ਅੰਕ 250 ਤੋਂ ਪਾਰ ਹੋ ਗਿਆ ਹੈ ਜੋ ਕਿ ਬਹੁਤ ਹੀ ਮਾੜੀ ਸਥਿਤੀ ਵਿਚ ਗਿਣਿਆ ਜਾਂਦਾ ਹੈ।
ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਅੱਖਾਂ ਵਿਚ ਜਲਣ ਦੀ ਸ਼ਿਕਾਇਤ ਵੀ ਕੀਤੀ ਹੈ। ਦਿੱਲੀ ਦੇ ਅਸ਼ੋਕ ਵਿਹਾਰ ਵਿਚ ਏਅਰ ਕੁਆਲਟੀ ਇੰਡੈਕਸ 224, ਦਵਾਰਕਾ ਵਿਚ 252 ਜਦਕਿ ਵਾਜ਼ਿਰਪੁਰ ਵਿਚ 255 ਤਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਗਾਜ਼ੀਆਬਾਦ ਸਮੇਤ ਗੁਰੂਗ੍ਰਾਮ ਸ਼ਹਿਰ ਵਿਚ ਵੀ ਹਵਾ ਪ੍ਰਦੂਸ਼ਣ ਕਾਫੀ ਵੱਧ ਗਿਆ ਹੈ। ਇਸ ਤੋਂ ਇਲਾਵਾ ਦਿੱਲੀ-ਐਨਸੀਆਰ ਵਿੱਚ ਆਨੰਦ ਵਿਹਾਰ, ਧੌਲਾ ਕੁਆਂ, ਆਸ਼ਰਮ, ਲਾਜਪਤਨਗਰ, ਪੀਰਾਗੜ੍ਹੀ, ਮਧੂਬਨ ਚੌਕ, ਵਜ਼ੀਰਾਬਾਦ ਅਤੇ ਬਦਰਪੁਰ ਸਰਹੱਦ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਕਾਫੀ ਗੰਭੀਰ ਬਣਿਆ ਹੋਇਆ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਦੀ ਰੋਕਥਾਮ ਦੇ ਮੱਦੇਨਜ਼ਰ, ਇੱਕ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਲਾਗੂ ਕੀਤਾ ਗਿਆ ਹੈ। ਇਸ ਤਹਿਤ ਕਈ ਪੜਾਵਾਂ ਵਿੱਚ ਪਾਬੰਦੀਆਂ ਲਗਾਈਆਂ ਜਾਣਗੀਆਂ। ਦਰਅਸਲ, AQI ਦੇ 300 ਨੂੰ ਪਾਰ ਕਰਦੇ ਹੀ ਦਿੱਲੀ-ਐਨਸੀਆਰ ਵਿੱਚ ਡੀਜ਼ਲ ਜਨਰੇਟਰਾਂ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ।