
ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲੈਣ ਵਾਲੇ 'ਆਪ' ਦੇ ਨੇਤਾਵਾਂ ਵਿਚ ਆਤਿਸ਼ੀ, ਗੋਪਾਲ ਰਾਏ, ਜਰਨੈਲ ਸਿੰਘ, ਪ੍ਰਿਯੰਕਾ ਕੱਕੜ ਅਤੇ ਰੀਨਾ ਗੁਪਤਾ ਸ਼ਾਮਲ ਹਨ।
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਆਬਕਾਰੀ ਨੀਤੀ ਮਾਮਲੇ ਵਿਚ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਵਿਰੁੱਧ ਦਿੱਲੀ 'ਚ ਵਿਰੋਧ ਪ੍ਰਦਰਸ਼ਨ ਕੀਤਾ। ਪਾਰਟੀ ਦੇ ਕਈ ਨੇਤਾ ਅਤੇ ਵਰਕਰ ਦੀਨਦਿਆਲ ਉਪਾਧਿਆਏ ਮਾਰਗ ਸਥਿਤ 'ਆਪ' ਦਫ਼ਤਰ ਵਿਚ ਇਕੱਠੇ ਹੋਏ ਅਤੇ ਬੈਨਰ ਫੜ੍ਹ ਕੇ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਸੰਜੇ ਦੀ ਰਿਹਾਈ ਦੀ ਮੰਗ ਕੀਤੀ।
ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ (ਕਾਨੂੰਨ ਵਿਵਸਥਾ) ਦੀਪੇਂਦਰ ਪਾਠਕ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਉਚਿਤ ਇੰਤਜ਼ਾਮ ਕੀਤੇ ਗਏ ਹਨ। ਵਾਧੂ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ। ਉਹਨਾਂ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਵੀ ਕੀਮਤ 'ਤੇ ਕਾਨੂੰਨ ਵਿਵਸਥਾ ਵਿਗੜੇ। ਅਸੀਂ ਲਗਾਤਾਰ 'ਆਪ' ਵਰਕਰਾਂ ਨਾਲ ਗੱਲਬਾਤ ਕਰ ਰਹੇ ਹਾਂ।
ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲੈਣ ਵਾਲੇ 'ਆਪ' ਦੇ ਨੇਤਾਵਾਂ ਵਿਚ ਆਤਿਸ਼ੀ, ਗੋਪਾਲ ਰਾਏ, ਜਰਨੈਲ ਸਿੰਘ, ਪ੍ਰਿਯੰਕਾ ਕੱਕੜ ਅਤੇ ਰੀਨਾ ਗੁਪਤਾ ਸ਼ਾਮਲ ਹਨ। ਗੋਪਾਲ ਰਾਏ ਨੇ ਪ੍ਰਦਰਸ਼ਨ ਦੌਰਾਨ ਦੋਸ਼ ਲਗਾਇਆ ਕਿ ਸਿੰਘ ਦੀ ਗ੍ਰਿਫ਼ਤਾਰੀ ਭਾਜਪਾ ਵਲੋਂ ਆਉਣ ਵਾਲੀਆਂ ਚੋਣਾਂ ਜਿੱਤਣ ਦੀ ਇਕ ਕੋਸ਼ਿਸ਼ ਹੈ, ਕਿਉਂਕਿ ਉਨ੍ਹਾਂ ਨੂੰ ਆਪਣੇ ਗਠਜੋੜ 'ਤੇ ਭਰੋਸਾ ਨਹੀਂ ਹੈ। ਦੱਸ ਦਈਏ ਕਿ ਸੰਜੇ ਸਿੰਘ ਨੂੰ ਦਿੱਲੀ ਆਬਕਾਰੀ ਨੀਤੀ 2021-22 ਮਾਮਲੇ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਅੱਜ ਉਹਨਾਂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਹੈ।
ਦਿੱਲੀ ਤੋਂ ਇਲਾਵਾ ਮੁੰਬਈ ਅਤੇ ਪੁਣੇ 'ਚ ਵੀ 'ਆਪ' ਵਰਕਰ ਪ੍ਰਦਰਸ਼ਨ ਕਰ ਰਹੇ ਹਨ। ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿਦ ਕੇਜਰੀਵਾਲ ਸੰਜੇ ਸਿੰਘ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਤੇ ਉਹਨਾਂ ਨੇ ਗ੍ਰਿਫ਼ਤਾਰੀ ਨੂੰ ਲੈ ਕੇ ਕਿਹਾ ਕਿ "ਇਹ ਲੋਕ ਸਾਰੇ ਝੂਠੇ ਕੇਸ ਦਰਜ ਕਰ ਰਹੇ ਹਨ। ਇੰਨੇ ਕੇਸ ਦਰਜ ਕੀਤੇ ਹਨ, ਇੰਨੀ ਜਾਂਚ ਕੀਤੀ ਪਰ ਕੁਝ ਨਹੀਂ ਨਿਕਲਿਆ। ਜਾਂਚ ਦੀ ਇਸ ਖੇਡ ਵਿਚ ਹਰ ਕਿਸੇ ਦਾ ਸਮਾਂ ਬਰਬਾਦ ਹੋ ਰਿਹਾ ਹੈ।
ਸੰਜੇ ਸਿੰਘ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੋਹਿਤ ਮਾਥੁਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਦੇ ਖ਼ਤਮ ਨਹੀਂ ਹੋਵੇਗੀ। ਦਿਨੇਸ਼ ਅਰੋੜਾ, ਜੋ ਕਿ ਇੱਕ ਮੁੱਖ ਗਵਾਹ ਹਨ, ਨੂੰ ਪਹਿਲਾਂ ਏਜੰਸੀਆਂ ਨੇ ਦੋਸ਼ੀ ਠਹਿਰਾਇਆ ਅਤੇ ਬਾਅਦ ਵਿਚ ਇਸ ਕੇਸ ਵਿਚ ਪ੍ਰਵਾਨਗੀ ਦੇਣ ਵਾਲਾ ਬਣ ਗਿਆ। ਅਦਾਲਤ ਨੇ ਸੰਜੇ ਸਿੰਘ ਦੀ ਹਿਰਾਸਤ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।