
Jammu Kashmir: ਵੱਡੀ ਗਿਣਤੀ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ
Jammu Kashmir: ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਗੁਗਲਧਰ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਫ਼ੌਜ ਅਤੇ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।
ਭਾਰਤੀ ਫੌਜ ਦੀ ਚਿਨਾਰ ਕੋਰ ਨੇ ਦੱਸਿਆ ਕਿ ਸ਼ੁੱਕਰਵਾਰ 4 ਅਕਤੂਬਰ ਨੂੰ ਫੌਜ ਅਤੇ ਪੁਲਿਸ ਨੇ ਇਕ ਸ਼ੱਕੀ ਗਤੀਵਿਧੀ ਦੇਖੀ। ਇਸ ਤੋਂ ਬਾਅਦ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ।
ਇਸ ਦੌਰਾਨ ਅਤਿਵਾਦੀਆਂ ਨੇ ਗੋਲੀਬਾਰੀ ਕੀਤੀ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ 'ਚ ਦੋ ਅਤਿਵਾਦੀ ਮਾਰੇ ਗਏ। ਉਨ੍ਹਾਂ ਕੋਲੋਂ ਵੱਡੀ ਗਿਣਤੀ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ। ਫਿਲਹਾਲ ਆਪਰੇਸ਼ਨ ਚੱਲ ਰਿਹਾ ਹੈ, ਇਸ ਤੋਂ ਪਹਿਲਾਂ 28 ਸਤੰਬਰ ਨੂੰ ਕਠੂਆ ਜ਼ਿਲ੍ਹੇ ਦੀ ਬਿਲਵਾਰ ਤਹਿਸੀਲ ਦੇ ਕੋਗ-ਮੰਡਲੀ 'ਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਇਸ ਵਿੱਚ ਜੰਮੂ-ਕਸ਼ਮੀਰ ਪੁਲਿਸ ਦੇ ਹੈੱਡ ਕਾਂਸਟੇਬਲ ਬਸ਼ੀਰ ਅਹਿਮਦ ਦੀ ਮੌਤ ਹੋ ਗਈ ਸੀ। ਮੁਕਾਬਲੇ ਦੇ ਦੂਜੇ ਦਿਨ ਇੱਕ ਅਤਿਵਾਦੀ ਮਾਰਿਆ ਗਿਆ।
ਕੁਲਗਾਮ 'ਚ 2 ਅਤਿਵਾਦੀ ਮਾਰੇ ਗਏ, 5 ਸੁਰੱਖਿਆ ਕਰਮੀ ਜ਼ਖ਼ਮੀ 28 ਸਤੰਬਰ ਸ਼ਨੀਵਾਰ ਨੂੰ ਕੁਲਗਾਮ ਦੇ ਆਦਿਗਾਮ ਦੇਵਸਰ ਇਲਾਕੇ 'ਚ ਵੀ ਮੁਕਾਬਲਾ ਹੋਇਆ। ਇਸ 'ਚ ਸੁਰੱਖਿਆ ਬਲਾਂ ਨੇ ਦੋ ਅਤਿਵਾਦੀਆਂ ਨੂੰ ਮਾਰ ਦਿੱਤਾ। ਗੋਲੀਬਾਰੀ 'ਚ ਫ਼ੌਜ ਦੇ ਚਾਰ ਜਵਾਨ ਅਤੇ ਕੁਲਗਾਮ ਦੇ ਏਐਸਪੀ ਜ਼ਖ਼ਮੀ ਹੋ ਗਏ।